ਜਾਗਰਣ ਦੀ ਪਰਚੀ ਨਾ ਕਟਾਉਣ ਕਾਰਨ ਨੌਜਵਾਨ ’ਤੇ ਚਲਾਈਆਂ ਗੋਲੀਆਂ
Monday, Mar 13, 2023 - 02:00 PM (IST)
ਲੁਧਿਆਣਾ (ਡੇਵਿਨ) : ਲੁਧਿਆਣਾ ਦੀ ਜਮਾਲਪੁਰ ਕਾਲੋਨੀ ਦੀ ਐੱਮ. ਆਈ. ਜੀ. ਕਾਲੋਨੀ 'ਚ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਮਾਤਾ ਦਾ ਜਾਗਰਣ ਚੱਲ ਰਿਹਾ ਸੀ। ਉੱਥੇ ਹਰਵਿੰਦਰ ਸਿੰਘ ਉਰਫ਼ ਹਨੀ ਆਪਣੀ ਧੀ ਨਾਲ ਮੱਥਾ ਟੇਕਣ ਗਿਆ ਸੀ। ਉਸ ਦਾ ਪੁਰਾਣੀ ਰੰਜਿਸ਼ ਤਹਿਤ ਕੁੱਝ ਲੋਕਾਂ ਨਾਲ ਝਗੜਾ ਹੋ ਗਿਆ, ਜੋ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਇਕ ਗੋਲੀ ਹਰਵਿੰਦਰ ਸਿੰਘ ਦੇ ਸੱਜੇ ਹੱਥ ਵਿਚ ਜਾ ਵੱਜੀ ਤੇ ਉਹ ਜ਼ਖਮੀ ਹੋ ਗਿਆ। ਹਰਵਿੰਦਰ ਸਿੰਘ ਦੇ ਮੁਤਾਬਕ ਉਸ ’ਤੇ ਗੋਲੀਆਂ ਚਲਾਉਣ ਵਾਲੇ ਪ੍ਰੈਟੀ ਉੱਪਲ ਅਤੇ ਦੋ ਅਣਪਛਾਤੇ ਸਾਥੀ ਹਨ, ਜਿਨ੍ਹਾਂ ’ਤੇ ਪੁਲਸ ਨੇ ਹਰਵਿੰਦਰ ਸਿੰਘ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ 31 ਸਾਲਾ ਹਰਵਿੰਦਰ ਸਿੰਘ ਸਮਰਾਲਾ ਵਿਚ ਫਾਸਟ ਫੂਡ ਦਾ ਕੰਮ ਕਰਦਾ ਹੈ ਅਤੇ ਇਸ ਕੰਮ ਕਾਰਨ ਉਹ ਕਈ ਵਾਰ ਘਰ ਲੇਟ ਆਉਂਦਾ ਹੈ। ਸ਼ਨੀਵਾਰ ਦੇ ਦਿਨ ਵੀ ਉਹ ਸਮਰਾਲਾ ਤੋਂ 12 ਵਜੇ ਰਾਤ ਨੂੰ ਆਇਆ। ਉਸੇ ਦਿਨ ਉਸ ਦੇ ਮੁਹੱਲੇ ਵਿਚ ਜਾਗਰਣ ਸੀ। ਉਸ ਦੀ 4 ਸਾਲ ਦੀ ਬੱਚੀ ਆਪਣੇ ਪਾਪਾ ਨੂੰ ਜਾਗਰਣ ਵਿਚ ਜਾਣ ਦੀ ਜ਼ਿੱਦ ਕਰਨ ਲੱਗੀ ਅਤੇ ਉਹ ਆਪਣੀ ਬੱਚੀ ਨੂੰ ਲੈ ਕੇ ਜਾਗਰਣ ਵਿਚ ਮੱਥਾ ਟੇਕਣ ਚਲਾ ਗਿਆ। ਰਾਤ ਜ਼ਿਆਦਾ ਹੋਣ ਕਾਰਨ ਉਹ ਆਪਣੀ 4 ਸਾਲ ਦੀ ਧੀ ਨੂੰ ਘਰ ਛੱਡ ਕੇ ਵਾਪਸ ਜਾਗਰਣ ਚਲਾ ਗਿਆ ਪਰ ਕੁੱਝ ਮਿੰਟ ਬਾਅਦ ਹੀ ਉਹ ਦੌੜਦਾ ਹੋਇਆ ਘਰ ਵਾਪਸ ਆ ਗਿਆ। ਉਹ ਬਹੁਤ ਘਬਰਾਇਆ ਹੋਇਆ ਸੀ। ਜਦੋਂ ਘਰ ਦਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਪਿੱਛੋਂ 3 ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਇਕ ਗੋਲੀ ਕੰਧ ’ਤੇ, ਇਕ ਗੇਟ ਨੂੰ ਛੂਹ ਕੇ ਨਿਕਲ ਗਈ ਅਤੇ ਇਕ ਗੋਲੀ ਹਰਵਿੰਦਰ ਸਿੰਘ ਦੀ ਸੱਜੀ ਬਾਂਹ ’ਤੇ ਲੱਗੀ। ਇਨ੍ਹਾਂ ਗੋਲੀਆਂ ਦੀ ਆਵਾਜ਼ ਸੁਣ ਕੇ ਮੁਹੱਲੇ ਵਾਲੇ ਜਲਦ ਹੀ ਵਾਰਦਾਤ ਵਾਲੀ ਜਗ੍ਹਾ ਵੱਲ ਭੱਜੇ।
ਉਨ੍ਹਾਂ ਨੂੰ ਆਪਣੇ ਵੱਲ ਆਉਂਦਾ ਦੇਖ ਤਿੰਨੋ ਮੁਲਜ਼ਮ ਧਮਕੀਆਂ ਦਿੰਦੇ ਹੋਏ ਉਥੋਂ ਫ਼ਰਾਰ ਹੋ ਗਏ। ਉਨ੍ਹਾਂ ਦੀ ਇਹ ਸਾਰੀ ਵਾਰਦਾਤ ਮੁਹੱਲੇ ਦੇ ਇਕ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਹਰਵਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਪ੍ਰੈਟੀ ਉੱਪਲ ਜੋ ਤਿੰਨ ਮੁਲਜ਼ਮਾਂ ਵਿਚੋਂ ਇਕ ਹੈ, ਉਸ ਨੇ 2 ਮਹੀਨੇ ਪਹਿਲਾਂ ਮੁਹੱਲੇ ਵਿਚ ਜਾਗਰਣ ਲਈ 25,000 ਰੁਪਏ ਦੇਣ ਦਾ ਦਬਾਅ ਪਾਇਆ ਸੀ, ਜਿਸ ਨੂੰ ਉਹ ਦੇਣ ਤੋਂ ਅਸਮਰੱਥ ਸੀ। ਇਸੇ ਗੱਲ ਦੀ ਰੰਜਿਸ਼ ਸੀ ਕਿ ਹਰਵਿੰਦਰ ਸਿੰਘ ਨੇ ਉਸ ਨੂੰ ਜਵਾਬ ਦੇ ਦਿੱਤਾ। ਘਟਨਾ ਤੋਂ ਬਾਅਦ ਮੁਹੱਲਾ ਨਿਵਾਸੀ ਨੇ ਕੰਟਰੋਲ ਰੂਮ ਵਿਚ ਫੋਨ ਕਰ ਕੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੀ. ਸੀ. ਆਰ. ਦਸਤੇ ਅਤੇ ਥਾਣਾ ਮੋਦੀ ਨਗਰ ਦੀ ਪੁਲਸ ਸਮੇਤ ਏ. ਡੀ. ਸੀ. ਭੀ.-4 ਤੁਸ਼ਾਰ ਗੁਪਤਾ ਮੌਕੇ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ’ਤੇ ਪੁੱਜੇ। ਵਾਰਦਾਤ ਦੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਪ੍ਰੈਟੀ ਉੱਪਲ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਅਪਰਾਧੀਆਂ ਨੂੰ ਜਲਦ ਫੜ੍ਹ ਲੈਣਗੇ।