ਵੱਡੇ ਭਰਾ ਨੂੰ ਨੌਜਵਾਨਾਂ ਨੇ ਰਸਤੇ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਹਾਲ ਦੇਖ ਛੋਟਾ ਭਰਾ ਵੀ ਗੁਆ ਬੈਠਾ ਹੋਸ਼
Saturday, Nov 23, 2024 - 05:38 AM (IST)
ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਇਲਾਕੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰ ਨੂੰ ਸਕੂਟਰੀ ’ਤੇ ਜਾ ਰਹੇ 2 ਨੌਜਵਾਨਾਂ ’ਤੇ ਅਣਪਛਾਤੇ ਹਮਲਾਵਰਾਂ ਨੇ ਤਲਵਾਰ ਨਾਲ ਹਮਲਾ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਹਮਲੇ ਕਾਰਨ 35 ਸਾਲਾਂ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਕੀਤੀ ਤੇ ਮ੍ਰਿਤਕ ਦੇ ਭਰਾ ਦਲਜੀਤ ਸਿੰਘ ਵਾਸੀ ਢਕੋਲੀ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਦਿਲਾਵਰ ਸਿੰਘ ਵਾਸੀ ਹਿੰਮਤਗੜ੍ਹ (ਢਕੋਲੀ) ਵਜੋਂ ਹੋਈ ਹੈ ਜੋ ਦਿਹਾੜੀਦਾਰ ਸੀ। ਉਹ ਆਪਣੇ ਪਿੱਛੇ ਪਤਨੀ ਤੇ 7 ਸਾਲ ਦੀ ਬੇਟੀ ਨੂੰ ਛੱਡ ਗਿਆ ਹੈ।
ਸ਼ਿਕਾਇਤ ’ਚ ਦਲਜੀਤ ਨੇ ਦੱਸਿਆ ਕਿ ਉਹ ਅੱਧੀ ਰਾਤ ਕਰੀਬ ਸਵਾ 2 ਵਜੇ ਚੰਡੀਗੜ੍ਹ ਤੋਂ ਜ਼ੀਰਕਪੁਰ ਤੋਂ ਹੁੰਦਿਆਂ ਢਕੋਲੀ ਆ ਰਹੇ ਸਨ। ਵੱਡਾ ਭਰਾ ਦਿਲਾਵਰ ਆਪਣੇ ਦੋਸਤ ਸ਼ੁਭਮ ਵਾਸੀ ਕਰਨਾਲ ਨਾਲ ਸਕੂਟਰੀ ’ਤੇ ਸੀ। ਇਸ ਦੌਰਾਨ ਉਹ ਬਲਟਾਣਾ ਪੈਟਰੋਲ ਪੰਪ ’ਤੇ ਸਕੂਟੀ ’ਚ ਹਵਾ ਭਰਾਉਣ ਲਈ ਰੁਕ ਗਿਆ ਤੇ ਦਿਲਾਵਰ ਕਾਫ਼ੀ ਅੱਗੇ ਨਿਕਲ ਗਿਆ। ਉਹ ਜਦੋਂ ਬਿਗ ਬਾਜ਼ਾਰ ਮਾਲ ਨੇੜੇ ਪਹੁੰਚੇ ਤਾਂ ਅਚਾਨਕ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਦਿਲਾਵਰ ਨੂੰ ਘੇਰ ਲਿਆ।
ਇਹ ਵੀ ਪੜ੍ਹੋ- ਸੜਕ ਕਿਨਾਰੇ ਗੱਲਾਂ ਕਰਦੇ ਵਿਅਕਤੀਆਂ 'ਤੇ ਆ ਚੜ੍ਹੀ ਪੁਲਸ ਦੀ ਗੱਡੀ, 1 ਨੇ ਤੋੜਿਆ ਦਮ, ਲੋਕਾਂ ਨੇ ਲਾ'ਤਾ ਜਾਮ
ਇਸ ਤੋਂ ਬਾਅਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਤੇ ਚਾਕੂ ਨਾਲ ਦਿਲਾਵਰ ਦੀ ਛਾਤੀ ਤੇ ਸ਼ੁਭਮ ਦੀ ਪਿੱਠ ’ਤੇ ਕਈ ਵਾਰ ਕੀਤੇ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਦਿਲਾਵਰ ਕਿਸੇ ਤਰ੍ਹਾਂ ਸਕੂਟਰ ਚਲਾ ਕੇ ਥੋੜ੍ਹਾ ਅੱਗੇ ਤੱਕ ਗਿਆ ਪਰ ਜ਼ਿਆਦਾ ਖ਼ੂਨ ਵਹਿਣ ਕਾਰਨ ਉਹ ਸੜਕ ’ਤੇ ਡਿੱਗ ਪਿਆ।
ਪਿੱਛੇ ਤੋਂ ਉਹ ਆ ਗਿਆ ਤੇ ਦਿਲਾਵਰ ਦਾ ਸਾਹ ਰੁਕਦਾ ਦੇਖ ਕੇ ਬੇਹੋਸ਼ ਹੋ ਗਿਆ। ਇਸ ਦੌਰਾਨ ਰਾਹਗੀਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਬਲਟਾਣਾ ਚੌਕੀ ਦੀ ਟੀਮ ਨੇ ਦਿਲਾਵਰ ਤੇ ਸ਼ੁਭਮ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਦਿਲਾਵਰ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਸ਼ੁਭਮ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਜੀ.ਐੱਮ.ਸੀ.ਐੱਚ.-32 ਰੈਫ਼ਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਦੇ ਛੋਟੇ ਭਰਾ ਦਲਜੀਤ ਦੀ ਸ਼ਿਕਾਇਤ ’ਤੇ 2 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e