ਸਪੇਨ 'ਚ ਰਹਿੰਦੇ ਪੰਜਾਬੀ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ
Sunday, Apr 26, 2020 - 08:22 PM (IST)
ਭੁਲੱਥ,(ਰਜਿੰਦਰ)- ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀ ਕੋਰੋਨਾ ਵਾਇਰਸ ਦੀ ਮਾਰ ਤੋਂ ਬਚ ਨਹੀਂ ਪਾ ਰਹੇ। ਹੁਣ ਜ਼ਿਲਾ ਕਪੂਰਥਲਾ 'ਚ ਪੈਂਦੇ ਭੁਲੱਥ ਸ਼ਹਿਰ ਦੇ 63 ਸਾਲਾਂ ਵਿਅਕਤੀ ਦੀ ਸਪੇਨ 'ਚ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭੁਲੱਥ ਕਰੀਬ 16-17 ਸਾਲ ਪਹਿਲਾਂ ਸਪੇਨ ਗਿਆ ਸੀ। ਜਿਸ ਤੋਂ ਬਾਅਦ ਉਹ ਪਰਿਵਾਰ ਸਮੇਤ ਸਪੇਨ ਦੇ ਵਿੱਕ ਸ਼ਹਿਰ ਦੇ ਮਾਸਵਾਨਾ ਇਲਾਕੇ 'ਚ ਸੈੱਟਲ ਹੋ ਗਿਆ ਸੀ। ਸੁਖਦੇਵ ਸਿੰਘ ਫੈਕਟਰੀ 'ਚ ਕੰਮ ਕਰਦਾ ਸੀ ਤੇ ਬੀਤੇ ਦਿਨ ਬੁਖਾਰ ਤੇ ਖਾਂਸੀ ਦੀ ਸਮੱਸਿਆ ਕਰਕੇ ਉਸ ਨੂੰ ਉੱਥੇ ਸਥਾਨਕ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸੁਖਦੇਵ ਸਿੰਘ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਸੁਖਦੇਵ ਸਿੰਘ ਦਾ ਕੋਰੋਨਾ ਵਾਇਰਸ ਸੰਬੰਧੀ ਇਲਾਜ ਚੱਲ ਰਿਹਾ ਸੀ ਕਿ ਇਲਾਜ ਦੇ ਦਸਵੇਂ ਦਿਨ 25 ਅਪ੍ਰੈਲ ਨੂੰ ਉਸਦੀ ਮੌਤ ਹੋ ਗਈ। ਦੂਜੇ ਪਾਸੇ ਸੁਖਦੇਵ ਸਿੰਘ ਨੂੰ ਕੋਰੋਨਾ ਹੋਣ ਦੌਰਾਨ ਉਸ ਦੀ ਪਤਨੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਸੀ। ਜਿਸ ਨੂੰ ਇਕ ਹਫਤੇ ਦੇ ਇਲਾਜ ਤੋਂ ਬਾਅਦ ਠੀਕ ਹੋਣ 'ਤੇ ਡਾਕਟਰਾਂ ਨੇ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਬੱਚੇ ਸ਼ਾਦੀਸ਼ੁਦਾ ਹਨ, ਜੋ ਸਪੇਨ 'ਚ ਹੀ ਰਹਿੰਦੇ ਹਨ। ਇਸ ਸੰਬੰਧੀ ਸੁਖਦੇਵ ਸਿੰਘ ਦੇ ਭੁਲੱਥ 'ਚ ਰਹਿੰਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਸੁਖਦੇਵ ਸਿੰਘ ਭਾਰਤੀ ਫੌਜ 'ਚ ਨੋਕਰੀ ਕਰਦਾ ਸੀ, ਜੋ ਇਥੋਂ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਸਮੇਤ ਸਪੇਨ 'ਚ ਸੈਂਟਲ ਹੋ ਗਿਆ ਸੀ।