ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਚਾਲਕ ਨੂੰ ਮਾਰੀ ਟੱਕਰ, ਮੌਤ

Wednesday, Feb 14, 2024 - 04:10 PM (IST)

ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਚਾਲਕ ਨੂੰ ਮਾਰੀ ਟੱਕਰ, ਮੌਤ

ਲੁਧਿਆਣਾ (ਜ.ਬ.) : ਹੰਬੜਾਂ ਰੋਡ ’ਤੇ ਤੇਜ਼ ਰਫ਼ਤਾਰ ਟਿੱਪਰ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਜ਼ਖਮੀ ਹੋਏ ਕਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਅਤੁਲ ਥਾਪਰ (30) ਹੈ, ਜੋ ਬਾੜੇਵਾਲ ਰੋਡ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਟਿੱਪਰ ਛੱਡ ਕੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਤੋਂ ਬਾਅਦ ਪੁੱਜੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਇਸ ਮਾਮਲੇ ’ਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਟਿੱਪਰ ਕਬਜ਼ੇ ’ਚ ਲੈ ਕੇ ਅਣਪਛਾਤੇ ਡਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਸ ਸ਼ਿਕਾਇਤ ’ਚ ਮੁਨੀਸ਼ ਥਾਪਰ ਨੇ ਦੱਸਿਆ ਕਿ ਅਤੁਲ ਥਾਪਰ ਉਸ ਦਾ ਭਤੀਜਾ ਹੈ, ਜੋ ਆਪਣੀ ਕਾਰ ਲੈ ਕੇ ਬਾਈਪਾਸ ਦੱਖਣੀ ਜਾ ਰਿਹਾ ਸੀ। ਜਦੋਂ ਉਹ ਹੰਬੜਾਂ ਰੋਡ ਤੋਂ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਆਏ ਤੇਜ਼ ਰਫ਼ਤਾਰ ਟਿੱਪਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦੇ ਭਤੀਜੇ ਨੂੰ ਕਾਫੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ। ਉੱਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News