ਮੋਟਰਸਾਈਕਲ ਨੂੰ ਅੱਗ ਲੱਗਣ ਨਾਲ ਵਿਗੜਿਆ ਸੰਤੁਲਨ, ਸਵਾਰ ਦੀ ਮੌਤ

Thursday, Feb 08, 2018 - 07:39 AM (IST)

ਮੋਟਰਸਾਈਕਲ ਨੂੰ ਅੱਗ ਲੱਗਣ ਨਾਲ ਵਿਗੜਿਆ ਸੰਤੁਲਨ, ਸਵਾਰ ਦੀ ਮੌਤ

ਚੰਡੀਗੜ੍ਹ  (ਸੁਸ਼ੀਲ) - ਪੰਜਾਬ ਯੂਨੀਵਰਸਿਟੀ ਤੋਂ ਨਵਾਂਗ੍ਰਾਓਂ ਜਾ ਰਹੇ ਵਿਦਿਆਰਥੀ ਦੇ ਮੋਟਰਸਾਈਕਲ ਨੂੰ ਸੈਕਟਰ-14/15 ਦੇ ਲਾਈਟ ਪੁਆਇੰਟ 'ਤੇ ਅੱਗ ਲਗ ਗਈ। ਅੱਗ ਲਗਦੇ ਹੀ ਮੋਟਰਸਾਈਕਲ ਸਵਾਰ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਕੇ ਖੰਭੇ ਨਾਲ ਜਾ ਵੱਜਾ। ਇਸ ਟੱਕਰ ਵਿਚ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਚਸ਼ਮਦੀਦ ਨਵਾਂਗ੍ਰਾਓਂ ਨਿਵਾਸੀ ਚੰਦਨ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਜ਼ਖਮੀ ਨੂੰ ਪੀ. ਜੀ. ਆਈ. ਪਹੁੰਚਾਇਆ, ਜਿਥੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਜ਼ਖਮੀ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਨਵਾਂਗ੍ਰਾਓਂ ਨਿਵਾਸੀ 22 ਸਾਲ ਦੇ ਰਿਗਜਿਨ ਨਾਰਬੂ ਦੇ ਰੂਪ ਵਿਚ ਹੋਈ ਹੈ। ਰਿਗਜਿਨ ਨਾਰਬੂ ਮੂਲ ਰੂਪ ਤੋਂ ਲੇਹ ਦਾ ਨਿਵਾਸੀ ਸੀ। ਉਥੇ ਹੀ ਮੋਟਰਸਾਈਕਲ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ।
ਪੁਲਸ ਨੇ ਦੱਸਿਆ ਕਿ ਰਿਗਜਿਨ ਪੀ. ਯੂ. ਵਿਚ ਬੀ. ਏ. ਪਹਿਲੇ ਸਾਲ ਦੀ ਈਵਨਿੰਗ ਕਲਾਸ ਲਾ ਕੇ ਨਵਾਂਗ੍ਰਾਓਂ ਜਾ ਰਿਹਾ ਸੀ। ਸੈਕਟਰ-11 ਥਾਣਾ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਲੇਹ ਲੱਦਾਖ ਤੋਂ ਆਏ ਨੌਜਵਾਨ ਦੇ ਪਰਿਵਾਰ ਨੂੰ ਸੌਂਪ ਦਿੱਤੀ। ਚਸ਼ਮਦੀਦ ਨੇ ਪੁਲਸ ਨੂੰ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਹ ਨਾਈਟ ਫੂਡ ਸਟ੍ਰੀਟ ਤੋਂ ਖਾਣਾ ਖਾ ਕੇ ਸੈਕਟਰ-15 ਵੱਲ ਜਾ ਰਿਹਾ ਸੀ ਕਿ ਜਦ ਸੈਕਟਰ-14/15 ਲਾਈਟ ਪੁਆਇੰਟ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਇਕ ਮੋਟਰਸਾਈਕਲ ਨੂੰ ਅੱਗ ਲੱਗੀ ਹੋਈ ਸੀ। ਅੱਗ ਲਗਦੇ ਹੀ ਮੋਟਰਸਾਈਕਲ ਸਵਾਰ ਦਾ ਸੰਤੁਲਨ ਵਿਗੜ ਗਿਆ।
2016 ਵਿਚ ਲੇਹ ਤੋਂ ਆਇਆ ਸੀ ਚੰਡੀਗੜ੍ਹ ਪੜ੍ਹਾਈ ਕਰਨ
ਜਾਂਚ ਅਧਿਕਾਰੀ ਐੱਸ. ਆਈ. ਬਲਬੀਰ ਨੇ ਦੱਸਿਆ ਕਿ ਬਿਜਲੀ ਦਾ ਬਾਕਸ ਲੱਗਣ ਨਾਲ ਰਿਗਜਿਨ ਦੀ ਛਾਤੀ ਵਿਚ ਜ਼ਿਆਦਾ ਸੱਟ ਲੱਗੀ। ਮ੍ਰਿਤਕ ਦੇ ਪਿਤਾ ਤਸੇਵਾਂਗ ਨੰਗੇਲ ਨੇ ਬੁੱਧਵਾਰ ਨੂੰ ਸੈਕਟਰ-16 ਹਸਪਤਾਲ ਵਿਚ ਪਹੁੰਚ ਕੇ ਬੇਟੇ ਦੀ ਪਹਿਚਾਣ ਕੀਤੀ। ਉਨ੍ਹਾਂ ਦੱਸਿਆ ਕਿ 2016 ਵਿਚ ਬੇਟਾ ਪੜ੍ਹਾਈ ਕਰਨ ਲਈ ਲੇਹ ਲੱਦਾਖ ਤੋਂ ਚੰਡੀਗੜ੍ਹ ਆਇਆ ਸੀ।


Related News