ਇਟਲੀ ਤੋਂ ਆਏ ਵਿਅਕਤੀ ਦੀ ਸ਼ੱਕੀ ਹਾਲਾਤ ''ਚ ਮੌਤ
Tuesday, Nov 12, 2019 - 11:18 PM (IST)

ਨਕੋਦਰ, (ਪਾਲੀ)— ਨਜ਼ਦੀਕੀ ਪਿੰਡ ਮੁੱਧਾ ਵਿਖੇ ਬੀਤੇ ਦਿਨੀਂ ਵਿਦੇਸ਼ ਤੋਂ ਆਏ ਇਕ ਨੌਜਵਾਨ ਦੀ ਮੰਗਲਵਾਰ ਸਵੇਰੇ ਭੇਦਭਰੇ ਹਾਲਾਤ ਵਿਚ ਮੌਤ ਹੋਣ ਦੀ ਖਬਰ ਮਿਲੀ ਹੈ।
ਘਟਨਾਂ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਮੁਖੀ ਸਿੰਕਦਰ ਸਿੰਘ ਅਤੇ ਐੱਸ. ਆਈ. ਇੰਦਰਜੀਤ ਸਿੰੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੂਰੂ ਕੀਤੀ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਮੁੱਧ ਥਾਣਾ ਸਦਰ ਨਕੋਦਰ ਵਜੋਂ ਹੋਈ। ਜਾਣਕਾਰੀ ਦਿੰੰਦਿਆਂ ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਮ੍ਰਿਤਕ ਦੇ ਭਰਾ ਪਰਵਿੰਦਰ ਸਿੰਘ ਨੇ ਪੁਲਸ ਨੁੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਭਰਾ ਜਤਿੰਦਰ ਸਿੰਘ (37) ਜੋ ਕਰੀਬ 12 ਸਾਲਾਂ ਤੋਂ ਵਿਦੇਸ਼ ਇਟਲੀ ਗਿਆ ਹੋਇਆ ਹੈ, ਬੀਤੇ ਕੱਲ ਵਿਦੇਸ਼ ਇਟਲੀ ਤੋਂ ਪਿੰਡ ਮੁੱਧਾ ਆਇਆ ਹੋਇਆ ਸੀ, ਮੰਗਲਵਾਰ ਸਵੇਰੇ ਆਪਣੇ ਗੁਆਂਢੀ ਹਰਦੀਪ ਸਿੰਘ ਉਰਫ ਦੀਪੂ ਦੇ ਘਰ ਉਸ ਨੂੰ ਮਿਲਣ ਲਈ ਗਿਆ। ਜਦ ਉਹ ਕਾਫੀ ਸਮੇਂ ਬਾਅਦ ਵੀ ਘਰ ਵਾਪਸ ਨਾ ਆਇਆ ਤਾਂ ਉਸ ਦੀ ਭਾਲ 'ਚ ਹਰਦੀਪ ਸਿੰਘ ਉਰਫ ਦੀਪੂ ਦੇ ਘਰ ਗਏ ਤਾਂ ਦੇਖਿਆ ਕਿ ਉਸ ਦਾ ਭਰਾ ਜਤਿੰਦਰ ਸਿੰਘ ਗੁਆਂਢੀ ਹਰਦੀਪ ਸਿੰਘ ਦੇ ਘਰ ਬੈੱਡ 'ਤੇ ਮ੍ਰਿਤਕ ਹਾਲਤ 'ਚ ਪਿਆ ਸੀ। ਹਰਦੀਪ ਸਿੰਘ ਉਰਫ ਦੀਪੂ ਅਤੇ ਕਨੋਜ ਪੁੱਤਰ ਬੱਬੀ ਵਾਸੀ ਮੁੱਧਾ ਦੋਵੇਂ ਮੇਰੇ ਭਰਾ ਕੋਲ ਬੈਠੇ ਸੀ। ਇੰਨੇ ਨੂੰ ਉਸ ਦਾ ਚਾਚਾ ਜੈਮਲ ਸਿੰਘ ਵੀ ਮੌਕੇ 'ਤੇ ਆ ਗਿਆ ਅਤੇ ਉਹ ਜਤਿੰਦਰ ਸਿੰਘ ਨੂੰ ਲੈ ਕੇ ਨਕੋਦਰ ਹਸਪਤਾਲ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਦੱਸਿਆ। ਮ੍ਰਿਤਕ ਦੇ ਭਰਾ ਪਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨਾਂ ਵਲੋਂ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਜਤਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ।
ਗੁਆਂਢੀ ਖਿਲਾਫ ਮਾਮਲਾ ਦਰਜ
ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਇੰਦਰਜੀਤ ਸਿੰੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਪਰਵਿੰਦਰ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਗੁਆਂਢੀ ਹਰਦੀਪ ਸਿੰਘ ਉਰਫ ਦੀਪੂ ਅਤੇ ਕਨੋਜ ਪੁੱਤਰ ਬੱਬੀ ਵਾਸੀ ਮੁੱਧਾ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਮ੍ਰਿਤਕ ਆਪਣੀ ਪਤਨੀ ਅਤੇ ਬੱਚੀ ਨੂੰ ਲੈਣ ਲਈ ਆਇਆ ਸੀ ਇੰੰਡੀਆ
ਥਾਣਾ ਮੁਖੀ ਸਿੰਕਦਰ ਸਿੰੰਘ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਸਿੰਘ ਕਰੀਬ 12 ਸਾਲਾ ਪਹਿਲਾ ਵਿਦੇਸ਼ ਇਟਲੀ ਗਿਆ ਸੀ 'ਤੇ ਪੰਜ ਸਾਲ ਪਹਿਲਾ ਉਸ ਦਾ ਵਿਆਹ ਸਿਮਰਪ੍ਰੀਤ ਨਾਲ ਹੋਇਆ ਸੀ ਤੇ ਉਸ ਦੀ 4 ਸਾਲ ਦੀ ਇਕ ਮਾਸੂਮ ਬੇਟੀ ਹੈ। ਜਿਨ੍ਹਾਂ ਨੂੰ ਲੈਣ ਲਈ ਮ੍ਰਿਤਕ ਜਤਿੰਦਰ ਸਿੰਘ ਬੀਤੇ ਕੱਲ ਇਟਲੀ ਤੋਂ ਇੰਡੀਆ ਆਪਣੇ ਪਿੰਡ ਮੁੱਧਾ ਵਿਖੇ ਆਇਆ ਹੋਇਆ ਸੀ ਪਰ ਮੰਗਵਾਰ ਸਵੇਰੇ ਗੁਆਂਢੀ ਦੇ ਘਰ ਮਿਲਣ ਲਈ ਗਿਆ, ਜਿਥੇ ਉਸ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ।
ਦੋਸ਼ੀ ਘਰੋਂ ਫਰਾਰ
ਸਦਰ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ 'ਚ ਦੋਸ਼ੀ ਹਰਦੀਪ ਸਿੰਘ ਉਰਫ ਦੀਪੂ ਅਤੇ ਕਨੋਜ ਵਾਸੀ ਮੁੱਧਾ ਘਰੋਂ ਫਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।