ਤੇਜ਼ ਰਫ਼ਤਾਰ ਬੋਲੈਰੋ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ
Thursday, Feb 20, 2025 - 05:29 PM (IST)

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਸੁਨੀਲ ਵਿੱਕੀ, ਸਿਕਰੀ, ਕਾਲੜਾ) : ਫਿਰੋਜ਼ਪੁਰ ਦੇ ਪਿੰਡ ਮਾਦੀ ਕੇ ਦੇ ਏਰੀਆ ’ਚ ਤੇਜ਼ ਰਫ਼ਤਾਰ ਬੋਲੈਰੋ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 55 ਸਾਲਾ ਪਿਆਰਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਸਤੀ ਕੇਸਰ ਵਾਲੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਸਬੰਧੀ ਥਾਣਾ ਲੱਖੋ ਕੇ ਬਹਿਰਾਮ ’ਚ ਬੋਲੈਰੋ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਿੰਦਰ ਸਿੰਘ ਪੁੱਤਰ ਨੰਗਲ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਹ ਆਪਣੇ ਤਾਏ ਪਿਆਰਾ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਦੇ ਘਰੋਂ ਵਾਪਸ ਆ ਰਹੇ ਸਨ।
ਜਦੋਂ ਉਹ ਪਿੰਡ ਮਾਦੀ ਕੇ ਨੇੜੇ ਪਹੁੰਚੇ ਤਾਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆ ਰਹੀ ਇਕ ਬੋਲੈਰੋ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮੁੱਦਈ ਅਤੇ ਉਸਦਾ ਤਾਇਆ ਸੜਕ ’ਤੇ ਡਿੱਗ ਪਏ ਅਤੇ ਬੋਲੈਰੋ ਦੇ ਟਾਇਰ ਉਸਦੇ ਤਾਏ ਦੇ ਉੱਪਰੋਂ ਲੰਘ ਗਏ, ਜਿਸ ਕਾਰਨ ਪਿਆਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸ਼ਿਕਾਇਤਕਰਤਾ ਜ਼ਖਮੀ ਹੋ ਗਿਆ।