ਟਰਾਲੇ ਹੇਠਾਂ ਆਉਣ ਨਾਲ ਮੋਟਰਸਾਈਕਲ ਸਵਾਰਾਂ ’ਚੋਂ ਇਕ ਦੀ ਮੌਤ
Thursday, Jan 09, 2025 - 01:24 PM (IST)
ਬਾਲਿਆਂਵਾਲੀ (ਸ਼ੇਖਰ) : ਪਿੰਡ ਮੰਡੀ ਕਲਾਂ ਵਿਖੇ ਮੌੜ-ਰਾਮਪੁਰਾ ਰੋਡ ’ਤੇ 10 ਟਾਇਰੀ ਟਰਾਲੇ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਕਾਰਨ ਇਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ’ਚੋਂ ਇਕ ਦੀ ਮੌਤ ਹੋਣ ਅਤੇ ਦੂਜੇ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਥਾਣਾ ਬਾਲਿਆਂਵਾਲੀ ਦੇ ਮੁਖੀ ਬਲਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮੰਡੀ ਕਲਾਂ ਪਿੰਡ ਨੇੜੇ ਮੌੜ-ਰਾਮਪੁਰਾ ਸੜਕ ’ਤੇ ਇਕ ਹਾਦਸਾ ਵਾਪਰਿਆ ਹੈ। ਜਦੋਂ ਥਾਣੇ ਦੇ ਪੁਲਸ ਮੁਲਾਜ਼ਮਾਂ ਨੇ ਜਾ ਕੇ ਵੇਖਿਆ ਤਾਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਦੂਜੇ ਨੂੰ ਹਸਪਤਾਲ ਭੇਜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਵਿਅਕਤੀ ਵੱਲੋਂ ਥਾਣੇ ’ਚ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ ਹਨ ਪਰ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਅਤੇ ਟਰਾਲਾ ਮੌੜ ਤੋਂ ਰਾਮਪੁਰਾ ਵੱਲ ਜਾ ਰਹੇ ਸਨ, ਜਿਨ੍ਹਾਂ ’ਚੋਂ ਮੋਟਰਸਾਈਕਲ ਸਵਾਰਾਂ ਨੇ ਆਪਣੇ ਪਿੰਡ ਮੰਡੀ ਕਲਾਂ ਪਹੁੰਚਣਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਮੋਟਰਸਾਈਕਲ ਅਤੇ ਟਰਾਲਾ ਬਰਾਬਰ ਆਏ ਤਾਂ ਬੈਲੇਂਸ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਅੰਮ੍ਰਿਤਪਾਲ ਸਿੰਘ ਫ਼ੌਜੀ ਮੰਡੀ ਕਲਾਂ ਦੀ ਮੌਤ ਹੋ ਗਈ, ਜਦੋਂਕਿ ਰੇਸ਼ਮ ਸਿੰਘ ਮੰਡੀ ਕਲਾਂ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਟਰਾਲਾ ਚਾਲਕ ਫ਼ਰਾਰ ਹੈ, ਜਦਕਿ ਮ੍ਰਿਤਕ ਅਤੇ ਜ਼ਖਮੀ ਨੂੰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਦੀ ਅਗਵਾਈ ਹੇਠ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ।