ਨਵਾਂ ਘਰ ਬਣਾ ਕੇ ਪਿਛਲੇ ਮਹੀਨੇ ਹੀ ਗਿਆ ਸੀ ਪਰਦੇਸ, ਪਰਿਵਾਰ ਨਹੀਂ ਜਾਣਦਾ ਸੀ ਕਿ ਲਾਸ਼ ਬਣ ਪਰਤੇਗਾ ਆਪਣੇ ਦੇਸ਼ (pics)
Saturday, Aug 12, 2017 - 07:12 PM (IST)
ਭੋਗਪੁਰ(ਰਾਣਾ)— ਮਾਂ-ਬਾਪ ਦਿਲ 'ਤੇ ਪੱਥਰ ਰੱਖ ਕੇ ਆਪਣੇ ਪੁੱਤਾਂ ਨੂੰ ਚੰਗੇ ਭਵਿੱਖ ਖਾਤਿਰ ਦੇਸ਼ੋਂ ਵਿਦੇਸ਼ 'ਚ ਭੇਜਦੇ ਹਨ ਪਰ ਜਦੋਂ ਕਿਸੇ ਦਾ ਪੁੱਤ ਲਾਸ਼ ਬਣ ਕੇ ਆਪਣੇ ਵਤਨ 'ਚ ਪਰਤਦਾ ਹੈ ਤਾਂ ਇਹ ਦੁੱਖ ਉਨ੍ਹਾਂ ਦੇ ਦਿਲ 'ਤੇ ਕਹਿਰ ਬਣ ਕੇ ਢਹਿ ਜਾਂਦਾ ਹੈ। ਅਜਿਹਾ ਹੀ ਕੁਝ ਭੋਗਪੁਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਨਾਲ ਵਾਪਰਿਆ, ਜਿੱਥੇ ਇਕ ਨੌਜਵਾਨ ਆਪਣੇ ਦੇਸ਼ 'ਚ ਆਪਣਾ ਨਵਾਂ ਮਕਾਨ ਬਣਾ ਕੇ ਸਾਊਦੀ ਅਰਬ ਤਾਂ ਗਿਆ ਪਰ ਲਾਸ਼ ਦੇ ਰੂਪ 'ਚ ਵਾਪਸ ਪਰਤਿਆ। ਪਿਛਲੇ ਮਹੀਨੇ ਨਜ਼ਦੀਕੀ ਪਿੰਡ ਸੀਤਲਪੁਰ ਬਲਾਕ ਭੋਗਪੁਰ ਦੇ ਇਕ ਵਿਅਕਤੀ ਗੁਰਮੇਲ ਰਾਮ ਗੇਲਾ (40) ਦੀ ਸਾਊਦੀ ਅਰਬ 'ਚ ਕਿਸੇ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ 10 ਕੁ ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਰਿਵਾਰਕ ਮੈਂਬਰ ਬੰਦ ਬਕਸੇ ਵਿਚ ਲੈ ਕੇ ਪਹੁੰਚੇ। ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਰ ਦਿੱਤਾ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਮੇਲ ਰਾਮ ਆਪਣੇ ਮਕਾਨ ਬਣਾ ਕੇ ਪਿਛਲੇ ਮਹੀਨੇ ਹੀ ਸਾਊਦੀ ਅਰਬ ਗਿਆ ਸੀ। ਉਹ ਉਥੇ ਇਕ ਕੰਪਨੀ 'ਚ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸ ਦੌਰਾਨ ਬੀਮਾਰ ਹੋਣ ਕਾਰਨ ਉਸ ਦੇ ਸਰੀਰ ਦਾ ਹੇਠਲਾ ਹਿੱਸਾ ਚੱਲਣਾ ਬੰਦ ਹੋ ਗਿਆ।

ਉਸ ਨੇ ਭਾਰਤ ਵਿਚ ਇਲਾਜ ਕਰਵਾਉਣ ਲਈ ਕੰਪਨੀ ਨਾਲ ਹਿਸਾਬ-ਕਿਤਾਬ ਕਰ ਲਿਆ ਸੀ ਪਰ 8 ਜੁਲਾਈ ਨੂੰ ਉਸ ਦੀ ਫਲਾਈਟ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਕੰਪਨੀ ਦੇ ਹੋਰ ਵਰਕਰਾਂ ਨੇ ਕੰਪਨੀ ਨੂੰ ਉਸ ਦੀ ਲਾਸ਼ ਭਾਰਤ ਭੇਜਣ ਲਈ ਬੇਨਤੀ ਕੀਤੀ ਪਰ ਕੰਪਨੀ ਵਾਲੇ ਨਾਂਹ-ਨੁੱਕਰ ਕਰਨ ਲੱਗ ਪਏ ਪਰ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਗੇ ਗੁਹਾਰ ਲਗਾਈ ਤਾਂ ਸੁਸ਼ਮਾ ਸਵਰਾਜ ਅਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਯਤਨਾਂ ਸਦਕਾ ਉਸ ਦੀ ਲਾਸ਼ ਭਾਰਤ ਪਹੁੰਚ ਸਕੀ।
