ਮੌਤ ਦਾ ਕਾਰਨ ਬਣੀ ਯਾਰੀ, ਭਦੌੜ 'ਚ ਦੋਸਤਾਂ ਤੋਂ ਦੁਖ਼ੀ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Sunday, Feb 26, 2023 - 05:23 PM (IST)

ਮੌਤ ਦਾ ਕਾਰਨ ਬਣੀ ਯਾਰੀ, ਭਦੌੜ 'ਚ ਦੋਸਤਾਂ ਤੋਂ ਦੁਖ਼ੀ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਭਦੌੜ (ਰਾਕੇਸ਼) : ਬੀਤੇ ਦਿਨੀਂ ਪਿੰਡ ਛੀਨਾ ਗੁਲਾਬ ਸਿੰਘ ਵਾਲਾ ਦੇ ਰਹਿਣ ਵਾਲੇ ਸਿਕੰਦਰ ਸਿੰਘ ਪੁੱਤਰ ਨਾਹਰ ਸਿੰਘ ਵੱਲੋਂ ਦੋਸਤਾਂ ਤੋਂ ਦੁਖ਼ੀ ਹੋ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੱਲ਼ ਕਰਦਿਆਂ ਥਾਣਾ ਭਦੌੜ ਦੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਥਾਣਾ ਭਦੌੜ ਵਿਖੇ ਆਪਣੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸਦੇ ਪਤੀ ਸਿਕੰਦਰ ਸਿੰਘ ਦੀ ਜਿਉਣ ਸਿੰਘ ਪੁੱਤਰ ਦਲਬਾਰਾ ਸਿੰਘ, ਬਲਜੀਤ ਸਿੰਘ ਪੁੱਤਰ ਜਸਵੰਤ ਸਿੰਘ, ਰਾਜਪਾਲ ਸਿੰਘ ਪੁੱਤਰ ਬਿੱਲੂ ਰਾਮ ਤਿੰਨੇ ਵਸਨੀਕ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਨਾਲ ਦੋਸਤੀ ਸੀ, ਜਿੰਨਾ ਦਾ ਮੇਰੇ ਪਤੀ ਨਾਲ ਫੋਨ ’ਤੇ ਕਿਸੇ ਗੱਲੋਂ ਝਗੜਾ ਹੋਇਆ ਸੀ ਅਤੇ ਉਹ ਮੇਰੇ ਪਤੀ ਨੂੰ ਗਾਲੀ-ਗਲੋਚ ਕਰਦੇ ਸੀ, ਇੰਨਾ ਤਿੰਨਾਂ ਵਿਅਕਤੀਆਂ ਤੋਂ ਤੰਗ ਆ ਕੇ ਮੇਰੇ ਪਤੀ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਮ੍ਰਿਤਕ ਸ਼ਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਜਿਉਣ ਸਿੰਘ, ਬਲਜੀਤ ਸਿੰਘ ਤੇ ਰਾਜਪਾਲ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- 17 ਲੱਖ ਲਾ ਕੈਨੇਡਾ ਭੇਜੀ ਪਤਨੀ ਦੇ ਬਦਲੇ ਚਾਲ-ਚਲਣ, ਕਰਤੂਤਾਂ ਦੇਖ ਪਰਿਵਾਰ ਦੇ ਉੱਡੇ ਹੋਸ਼

ਜਿਸ ਤੋਂ ਬਾਅਦ ਮ੍ਰਿਤਕ ਸ਼ਿਕੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਤੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਮ੍ਰਿਤਕ ਦੀ ਲਾਸ਼ ਤਿੰਨਕੋਨੀ ਭਦੌੜ ਵਿਖੇ ਰੱਖ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਵਾਉਣ ਦੇ ਲਈ ਧਰਨਾ ਲਾ ਦਿੱਤਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਜਿੰਨਾ ਸਮਾਂ ਪੁਲਸ ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਨ੍ਹਾਂ ਸਮਾਂ ਸਾਡਾ ਧਰਨਾ ਜਾਰੀ ਰਹੇਗਾ। ਇਸ ਮੌਕੇ ਮ੍ਰਿਤਕ ਸਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਤੇ ਦੋ ਛੋਟੇ ਬੱਚੇ ਵੀ ਧਰਨੇ ’ਚ ਸ਼ਾਮਲ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕਾਲਾ ਸਿੰਘ ਜੈਦ, ਰਾਮ ਸਿੰਘ, ਛਿੰਦਾ ਸਿੰਘ, ਕਾ. ਗੁਰਮੇਲ ਸ਼ਰਮਾ ਤੋਂ ਇਲਾਵਾ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਸਾਬਕਾ ਸਰਪੰਚ ਨਿਰਭੈ ਸਿੰਘ ਗਾਂਧੀ, ਸਾਬਕਾ ਸਰਪੰਚ ਜਸਪਾਲ ਸਿੰਘ ਪਾਲੀ, ਕਾਲਾ ਸਿੰਘ ਤੋਂ ਇਲਾਵਾ ਥਾਣਾ ਸ਼ਹਿਣਾ ਦੇ ਐੱਸ. ਐੱਚ. ਓ. ਜਗਦੇਵ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਧਰਨੇ ਵਾਲੀ ਜਗ੍ਹਾ ’ਤੇ ਹਾਜ਼ਰ ਸਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਕੀ ਕਹਿਣਾ ਹੈ ਡਿਊਟੀ ਅਫ਼ਸਰ ਮਲਕੀਤ ਸਿੰਘ ਦਾ

ਇਸ ਸਬੰਧੀ ਡਿਊਟੀ ਅਫ਼ਸਰ ਮਲਕੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਅਸੀਂ ਦੋਸ਼ੀਆਂ ਦੇ ਘਰ ਰੇਡ ਕੀਤੀ ਸੀ ਪਰ ਦੋਸ਼ੀ ਹੁਣ ਤੱਕ ਵੀ ਫਰਾਰ ਹਨ। ਅਸੀਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਥਾਂ-ਥਾਂ ’ਤੇ ਛਾਪੇਮਾਰੀ ਕਰ ਰਹੇ ਹਾਂ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਲੁਧਿਆਣਾ 'ਚ ਦੋਹਰਾ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢਿਆ ਡੇਅਰੀ ਸੰਚਾਲਕ ਤੇ ਨੌਕਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News