ਕਿਰਤੀ ਇਨਸਾਨ ਸਨ ਬਾਪੂ ਕਪਤਾਨ ਸਿੰਘ ਨੰਬਰਦਾਰ ਐਮਾਂ ਕਲਾਂ ਵਾਲੇ

Sunday, Feb 04, 2018 - 11:00 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਕਿਰਤ ਕਰਨਾ, ਨਾਮ ਜਪਣਾ, ਮਿਹਨਤ ਤੇ ਹੱਕ ਦੀ ਕਮਾਈ ਕਰਨ 'ਚ ਵਿਸ਼ਵਾਸ ਰੱਖਣਾ ਅਤੇ ਹਰ ਦੀ ਮਦਦ ਲਈ ਹਮੇਸ਼ਾ ਅੱਗੇ ਵਧ ਕੇ ਆਪਣਾ ਫਰਜ਼ ਨਿਭਾਉਣਾ ਬਾਪੂ ਕਪਤਾਨ ਸਿੰਘ ਨੰਬਰਦਾਰ ਐਮਾਂ ਕਲਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਇਕ ਹਿੱਸਾ ਸੀ। ਬਾਪੂ ਕਪਤਾਨ ਸਿੰਘ ਨੰਬਰਦਾਰ ਹਮੇਸ਼ਾ ਪ੍ਰਮਾਤਮਾ ਦੀ ਰਜ਼ਾ 'ਚ ਰਾਜ਼ੀ ਰਹਿਣਾ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਜ਼ਿੰਦਗੀ ਦਾ ਅਸਲ ਮਨੋਰਥ ਮੰਨਦੇ ਸਨ। ਗੁਰਸਿੱਖ ਪਰਿਵਾਰ 'ਚ ਪੈਦਾ ਹੋਏ ਬਾਪੂ ਕਪਤਾਨ ਸਿੰਘ ਦੀ ਅਗਲੀ ਪੀੜ੍ਹੀ ਵੀ ਗੁਰਸਿੱਖੀ ਜੀਵਨ ਬਤੀਤ ਕਰ ਰਹੀ ਹੈ। ਪਿੰਡ ਐਮਾਂ ਕਲਾਂ ਵਿਖੇ 1955 'ਚ ਮੱਧਵਰਗੀ ਕਿਸਾਨ ਪਰਿਵਾਰ 'ਚ ਪਿਤਾ ਗੁਰਮੇਜ ਸਿੰਘ ਨੰਬਰਦਾਰ ਦੇ ਗ੍ਰਹਿ ਅਤੇ ਮਾਤਾ ਮੁਹਿੰਦਰ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਬਾਪੂ ਕਪਤਾਨ ਸਿੰਘ 10 ਜਮਾਤਾਂ ਪੜ੍ਹੇ ਸਨ। ਆਪ ਦਾ ਗ੍ਰਹਿਸਥੀ ਜੀਵਨ ਪਿੰਡ ਚਾਹਲ ਦੇ ਵਾਸੀ ਨੰਬਰਦਾਰ ਨਰਿੰਜਣ ਸਿੰਘ ਦੀ ਬੇਟੀ ਰਾਜ ਕੌਰ ਨਾਲ 1973 'ਚ ਵਿਆਹ ਹੋਣ ਉਪੰਰਤ ਆਰੰਭ ਹੋਇਆ। ਆਪ ਦੇ ਤਿੰਨ ਲੜਕੇ ਭਾਈ ਦਿਲਬਾਗ ਸਿੰਘ, ਨਿਰਵੈਲ ਸਿੰਘ ਤੇ ਗੁਲਜੀਤ ਸਿੰਘ ਹਨ। ਭਾਈ ਦਿਲਬਾਗ ਸਿੰਘ ਐਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦਾ ਸਰਕਲ ਪ੍ਰਧਾਨ ਹੈ। 
ਪਿੰਡ ਦੀ ਸਿਆਸਤ 'ਚ ਇਸ ਪਰਿਵਾਰ ਦਾ ਮੁੱਢਕਦੀਮ ਤੋਂ ਹਿੱਸਾ ਰਿਹਾ ਹੈ ਕਿਉਂਕਿ ਜਿਥੇ ਬਾਪੂ ਕਪਤਾਨ ਸਿੰਘ ਦੇ ਦਾਦਾ ਅਤੇ ਪਿਤਾ ਪਿੰਡ ਐਮਾਂ ਕਲਾਂ ਦੇ ਨੰਬਰਦਾਰ ਸਨ, ਉਥੇ ਹੀ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਲਗਾਤਾਰ 10 ਸਾਲ ਪਿੰਡ ਦੀ ਪੰਚਾਇਤ ਮੈਂਬਰ ਬਣੇ ਰਹੇ। ਇਸ ਤੋਂ ਬਾਅਦ ਬਾਪੂ ਕਪਤਾਨ ਸਿੰਘ ਦੀ ਪਤਨੀ ਰਾਜ ਕੌਰ ਲਗਾਤਾਰ 10 ਸਾਲ ਅਤੇ ਬਾਅਦ 'ਚ ਉਨ੍ਹਾਂ ਬੇਟਾ ਭਾਈ ਦਿਲਬਾਗ ਸਿੰਘ ਵੀ ਲਗਾਤਾਰ 10 ਸਾਲ ਪਿੰਡ ਦੇ ਪੰਚਾਇਤ ਮੈਂਬਰ ਬਣੇ ਰਹੇ। ਇਸ ਸਮੇਂ ਬਾਪੂ ਦੇ ਪਰਿਵਾਰ 'ਚੋਂ ਮੰਗਲ ਸਿੰਘ ਮੌਜੂਦਾ ਪੰਚਾਇਤ ਮੈਂਬਰ ਹਨ।
ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਲੋਕ ਗਮਨ ਕਰ ਗਏ ਬਾਪੂ ਕਪਤਾਨ ਸਿੰਘ ਨਮਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਐਮਾਂ ਕਲਾਂ ਵਿਖੇ ਪਾਏ ਜਾਣ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 12 ਤੋਂ 1 ਵਜੇ ਤੱਕ ਘਰ ਨਜ਼ਦੀਕ ਸਜਾਏ ਗਏ ਖੁੱਲ੍ਹੇ ਪੰਡਾਲ 'ਚ ਹੋਵੇਗਾ, ਜਿਥੇ ਉਨ੍ਹਾਂ ਨੂੰ ਕਈ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।


Related News