ਕਰਜ਼ੇ ਤੋਂ ਤੰਗ ਕਿਸਾਨ ਵੱਲੋਂ ਖੁਦਕੁਸ਼ੀ
Sunday, Jul 22, 2018 - 08:02 AM (IST)

ਕੋਟਕਪੂਰਾ (ਨਰਿੰਦਰ, ਭਾਵਿਤ) - ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਪਿੰਡ ਖਾਰਾ ਵਿਖੇ ਇਕ ਨੌਜਵਾਨ ਰਣਜੀਤ ਸਿੰਘ (42) ਪੁੱਤਰ ਸਵ. ਕਿਰਪਾਲ ਸਿੰਘ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ। ਉਹ ਆਪਣੇ ਪਿੱਛੇ ਵਿਧਵਾ ਮਾਤਾ, ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਿਆ। ਮ੍ਰਿਤਕ ਦੀ ਮਾਤਾ ਮਨਜੀਤ ਕੌਰ ਅਤੇ ਪਤਨੀ ਗੁਰਬੀਰ ਕੌਰ ਅਨੁਸਾਰ ਉਸ ਦੀਆਂ 6ਵੀਂ ਅਤੇ 10ਵੀਂ ’ਚ ਪਡ਼੍ਹਦੀਆਂ ਬੇਟੀਆਂ ਦੇ ਭਵਿੱਖ ਦੀ ਚਿੰਤਾ ਬਣੀ ਹੋਈ ਹੈ। ਮ੍ਰਿਤਕ ਰਣਜੀਤ ਸਿੰਘ ਦੇ ਵੱਡੇ ਭਰਾ ਜਸਵੀਰ ਸਿੰਘ ਨੇ ਦੱਸਿਆ ਕਿ ਸਿਰਫ 2 ਏਕਡ਼ ਜ਼ਮੀਨ ਹੋਣ ਕਰ ਕੇ ਘਰ ਦਾ ਗੁਜ਼ਾਰਾ ਬਡ਼ੀ ਮੁਸ਼ਕਲ ਨਾਲ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਬੈਂਕ ਦੀ ਲਿਮਟ ਦੀ ਕਿਸ਼ਤ ਅਤੇ ਲੋਕਾਂ ਤੋਂ ਉਧਾਰ ਲਏ ਪੈਸੇ ਵਾਪਸ ਮੋਡ਼ਨ ਤੋਂ ਅਸਮਰੱਥ ਰਣਜੀਤ ਸਿੰਘ ਨੇ ਬੀਤੀ 16 ਜੁਲਾਈ ਨੂੰ ਸ਼ਾਮ 3:00 ਵਜੇ ਜ਼ਹਿਰੀਲੀ ਦਵਾਈ ਪੀ ਲੈਣ ਤੋਂ ਬਾਅਦ ਘਰਦਿਆਂ ਨੂੰ ਦੱਸਿਆ ਤਾਂ ਉਨ੍ਹਾਂ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਆਂਦਾ। ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ।