ਖ਼ੁਦ ਨੂੰ CIA ਸਟਾਫ਼ ਦਾ ਮੁਲਾਜ਼ਮ ਦੱਸ ਵਿਅਕਤੀ ਕੋਲੋਂ ਮੋਬਾਇਲ ਖੋਹਣ ਵਾਲਾ ਗ੍ਰਿਫ਼ਤਾਰ
Wednesday, Dec 11, 2024 - 01:33 PM (IST)
ਜ਼ੀਰਾ (ਮਨਜੀਤ ਢਿੱਲੋਂ, ਰਾਜੇਸ਼ ਢੰਡ) : ਜ਼ੀਰਾ ਸ਼ਹਿਰ 'ਚ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਦੱਸ ਕੇ ਇਕ ਵਿਅਕਤੀ ਤੋਂ ਮੋਬਾਇਲ ਫੋਨ ਖੋਹਣ ਵਾਲੇ ਵਿਅਕਤੀ ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਜ਼ੀਰਾ ਦੇ ਐੱਸ. ਐੱਚ. ਓ. ਕੰਵਲਜੀਤ ਰਾਏ ਨੇ ਦੱਸਿਆ ਕਿ ਬੀਤੇ ਦਿਨੀਂ ਕਰਨਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਾਸਰਕੇ ਨੇ ਥਾਣੇ ’ਚ ਪਹੁੰਚ ਕੇ ਬਿਆਨ ਦਰਜ ਕਰਵਾਏ ਕਿ ਉਸ ਦੀ ਭੈਣ ਜ਼ੀਰਾ ਸ਼ਹਿਰ ਵਿਖੇ ਵਿਆਹੀ ਹੋਈ ਹੈ ਅਤੇ ਉਹ ਆਪਣੀ ਭੈਣ ਪਾਸ ਸਮਾਧੀ ਮੁਹੱਲਾ, ਜ਼ੀਰਾ ਸ਼ਹਿਰ ਵਿਖੇ ਰਹਿੰਦਾ ਹੈ।
ਕਰਨਬੀਰ ਸਿੰਘ ਨੇ ਦੱਸਿਆ ਕਿ 3 ਦਸੰਬਰ ਨੂੰ ਉਹ ਆਪਣੀ ਭੈਣ ਦੇ ਘਰ ਵਾਪਸ ਆ ਰਿਹਾ ਸੀ ਤਾਂ ਇਕ ਚਾਲਕ ਕਾਰ ਨੇ ਹੂਟਰ ਮਾਰ ਕੇ ਉਸ ਨੂੰ ਰੋਕਿਆ, ਜਿਸ ’ਚੋਂ ਇਕ ਨੌਜਵਾਨ ਨਿਕਲਿਆ, ਜੋ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਕਹਿ ਕੇ ਉਸ ਦੀ ਤਲਾਸ਼ੀ ਲੈਣ ਲੱਗਾ ਅਤੇ ਉਸ ਨੌਜਵਾਨ ਨੇ ਕਰਨਬੀਰ ਸਿੰਘ ਦਾ ਮੋਬਾਇਲ ਫੋਨ ਖੋਹ ਲਿਆ। ਮੋਬਾਇਲ ਆਪਣੇ ਨਾਲ ਲਿਜਾਂਦਾ ਹੋਇਆ ਕਹਿਣ ਲੱਗਾ ਕਿ ਤੂੰ ਆਪਣਾ ਮੋਬਾਇਲ ਥਾਣਾ ਸਿਟੀ ਜ਼ੀਰਾ ਤੋਂ ਵਾਪਸ ਲੈ ਲਈ। ਜਦ ਕਰਨਬੀਰ ਸਿੰਘ ਥਾਣਾ ਸਿਟੀ ਜ਼ੀਰਾ ਆਪਣਾ ਮੋਬਾਇਲ ਫੋਨ ਲੈਣ ਲਈ ਪਹੁੰਚਿਆ ਤਾਂ ਮੋਬਾਇਲ ਥਾਣੇ ’ਚ ਨਹੀਂ ਸੀ, ਜਿਸ ’ਤੇ ਪੁਲਸ ਵੱਲੋਂ ਮਾਮਲਾ ਸ਼ੱਕੀ ਹੋਣ ਉਪਰੰਤ ਜਾਂਚ ਆਰੰਭ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮ ਹਤਿੰਦਰ ਸਿੰਘ ਵਾਸੀ ਰੇਲਵੇ ਕਾਲੋਨੀ ਪਟਿਆਲਾ ਜੋ ਕਿ ਨਹਿਰ ਵਾਲੀ ਬਸਤੀ, ਜ਼ੀਰਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਰੁਕਿਆ ਸੀ, ਨੇ ਜਾਅਲੀ ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਬਣ ਕੇ ਕਰਨਬੀਰ ਸਿੰਘ ਦਾ ਮੋਬਾਇਲ ਫੋਨ ਖੋਹਿਆ ਹੈ।
ਇਸ ’ਤੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਮੁਲਜ਼ਮ ਨੂੰ ਇਕ ਕਾਰ, 2 ਜਾਅਲੀ ਨੰਬਰ ਪਲੇਟਾਂ, ਇਕ ਲਾਲ, ਨੀਲੀ ਲਾਈਟ ਤੇ ਇਕ ਹੂਟਰ ਸਮੇਤ ਕਾਬੂ ਕਰ ਕੇ ਥਾਣਾ ਸਿਟੀ ਜ਼ੀਰਾ ਵਿਖੇ ਪਰਚਾ ਦਰਜ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਥਾਣਾ ਮੁਖੀ ਕੰਵਲਜੀਤ ਰਾਏ ਨੇ ਕਿਹਾ ਕਿ ਇਲਾਕੇ ਅੰਦਰ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।