ਟ੍ਰਿਬਿਊਨ ਚੌਕ ''ਚ ਲੜਕੀ ਨਾਲ ਛੇੜਛਾੜ ਕਰਨ ਵਾਲੇ ਕਾਰ ਸਵਾਰ ਦੋ ਨੌਜਵਾਨ ਕਾਬੂ
Wednesday, Dec 20, 2017 - 07:33 AM (IST)

ਚੰਡੀਗੜ੍ਹ (ਸੁਸ਼ੀਲ) - ਜ਼ੀਰਕਪੁਰ ਵਿਚ ਘਰ ਦਾ ਸਾਮਾਨ ਛੱਡ ਕੇ ਸੋਮਵਾਰ ਦੇਰ ਰਾਤ ਟ੍ਰਿਬਿਊਨ ਚੌਕ 'ਚ ਚਾਹ ਪੀ ਰਹੀ ਲੜਕੀ ਨਾਲ ਕਾਰ ਸਵਾਰ 2 ਨੌਜਵਾਨ ਛੇੜਛਾੜ ਕਰਨ ਲੱਗੇ । ਲੜਕੀ ਦੇ ਭਰਾ ਨੇ ਛੇੜਛਾੜ ਕਰਨ ਵਾਲੇ ਨੌਜਵਾਨਾਂ ਦੀ ਗੱਡੀ ਦਾ ਨੰਬਰ ਨੋਟ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ । ਪੀ. ਸੀ. ਆਰ. ਤੇ ਸੈਕਟਰ-31 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਸਵਾਰ ਦੋਵੇਂ ਨੌਜਵਾਨਾਂ ਨੂੰ ਦਬੋਚ ਲਿਆ, ਜਿਨ੍ਹਾਂ ਦੀ ਪਛਾਣ ਜ਼ੀਰਕਪੁਰ ਨਿਵਾਸੀ ਨਰਿੰਦਰ ਰਾਣਾ ਤੇ ਦਵਿੰਦਰ ਸਿੰਘ ਦੇ ਰੂਪ ਵਿਚ ਹੋਈ । ਦੋਵੇਂ ਮੁਲਜ਼ਮ ਮੂਲ ਰੂਪ 'ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਰਹਿਣ ਵਾਲੇ ਹਨ । ਸੈਕਟਰ-31 ਥਾਣਾ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਦੋਵਾਂ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ।ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ । ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ । ਸੈਕਟਰ-31 ਥਾਣਾ ਪੁਲਸ ਨੇ ਦੱਸਿਆ ਕਿ ਚੰਡੀਗੜ੍ਹ ਨਿਵਾਸੀ ਲੜਕੀ ਦੇ ਪਰਿਵਾਰ ਨੇ ਮਕਾਨ ਜ਼ੀਰਕਪੁਰ ਵਿਚ ਸ਼ਿਫਟ ਕੀਤਾ ਹੈ ।ਸੋਮਵਾਰ ਰਾਤ ਸਾਢੇ 12 ਵਜੇ ਲੜਕੀ ਆਪਣੇ ਭਰਾ ਦੇ ਨਾਲ ਜ਼ੀਰਕਪੁਰ ਸਥਿਤ ਘਰ 'ਚ ਸਾਮਾਨ ਛੱਡ ਕੇ ਕਾਰ ਰਾਹੀਂ ਚੰਡੀਗੜ੍ਹ ਆ ਰਹੀ ਸੀ । ਠੰਡ ਜ਼ਿਆਦਾ ਹੋਣ ਕਾਰਨ ਲੜਕੀ ਤੇ ਉਸਦਾ ਭਰਾ ਟ੍ਰਿਬਿਊਨ ਚੌਕ 'ਚ ਚਾਹ ਪੀਣ ਲੱਗੇ, ਇੰਨੇ ਵਿਚ ਕਾਰ ਸਵਾਰ ਦੋ ਨੌਜਵਾਨ ਟੀ-ਸਟਾਲ 'ਤੇ ਰੁਕੇ ਤੇ ਉਕਤ ਘਟਨਾ ਨੂੰ ਅੰਜਾਮ ਦਿੱਤਾ।
ਛੇੜਛਾੜ ਮਾਮਲਾ : ਮੁਲਜ਼ਮਾਂ ਨੂੰ ਭੇਜਿਆ ਕਾਨੂੰਨੀ ਹਿਰਾਸਤ 'ਚ
(ਸੰਦੀਪ) - ਔਰਤ ਦਾ ਰਸਤਾ ਰੋਕ ਕੇ ਛੇੜਛਾੜ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਐੱਸ. ਡੀ. ਕਾਲਜ ਦੇ ਦੋ ਵਿਦਿਆਰਥੀਆਂ ਤੇ ਪੰਜਾਬ ਪੁਲਸ ਦੇ ਕਾਂਸਟੇਬਲ ਨੂੰ ਇਕ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ । ਤਿੰਨਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ।ਪੁਲਸ ਨੇ ਮਾਮਲੇ ਵਿਚ ਵਿਦਿਆਰਥੀ ਗੁਰਦਾਸ ਤੇ ਕਰਮਵੀਰ ਤੇ ਕਾਂਸਟੇਬਲ ਜਸਕਰਨ ਨੂੰ ਗ੍ਰਿਫਤਾਰ ਕੀਤਾ ਸੀ । ਰਿਮਾਂਡ ਦੌਰਾਨ ਪੁਲਸ ਨੇ ਤਿੰਨੇ ਮੁਲਜ਼ਮਾਂ ਨੂੰ ਨਾਲ ਲੈ ਕੇ ਉਹ ਪੂਰਾ ਰਸਤਾ ਜਾਂਚਿਆ, ਜਿਥੋਂ ਤਕ ਉਨ੍ਹਾਂ ਨੇ ਪੀੜਤਾ ਦਾ ਪਿੱਛਾ ਕੀਤਾ ਸੀ । ਇਸ ਮਗਰੋਂ ਪੁਲਸ ਨੇ ਉਸ ਰੂਟ 'ਤੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ । ਇਸ ਵਿਚ ਮੁਲਜ਼ਮ ਔਰਤ ਦਾ ਕਾਰ 'ਤੇ ਪਿੱਛਾ ਕਰਦੇ ਦਿਸ ਰਹੇ ਹਨ।