20 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲਾ ਏ. ਐੱਸ. ਆਈ. ਚੜ੍ਹਿਆ ਵਿਜੀਲੈਂਸ ਦੇ ਹੱਥੇ
Sunday, Jul 30, 2017 - 08:04 AM (IST)
ਮੋਹਾਲੀ (ਰਾਣਾ) - ਇਥੋਂ ਦੇ ਫੇਜ਼-11 'ਚ ਸਥਿਤ ਇਕ ਨਿੱਜੀ ਪ੍ਰੋਡਕਟ ਕੰਪਨੀ ਦੇ ਮੈਨੇਜਰ ਮੇਹਰਬਾਨ ਸਿੰਘ 'ਤੇ ਪੁਲਸ ਵੱਲੋਂ ਦਰਜ ਕੀਤੇ ਗਏ ਐੱਨ. ਡੀ. ਪੀ. ਐੱਸ. ਐਕਟ ਕੇਸ 'ਚ ਉਸ ਦੀ ਗੱਡੀ ਤੇ ਸੈੱਲ ਫੋਨ ਦੀ ਸੁਪੁਰਦਾਰੀ ਲਈ ਪੁਲਸ ਰਿਪੋਰਟ ਜਾਰੀ ਕਰਨ ਦੇ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲੇ ਸੋਹਾਣਾ ਥਾਣੇ ਦੇ ਏ. ਐੱਸ. ਆਈ. ਬੂਟਾ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਸ਼ਿਕਾਇਤਕਰਤਾ ਨੇ ਖੁਦ 'ਤੇ ਦਰਜ ਹੋਏ ਐੱਨ. ਡੀ. ਪੀ. ਐੱਸ. ਕੇਸ ਦੇ ਪਿੱਛੇ ਵੀ ਪੁਲਸ ਕਰਮਚਾਰੀਆਂ ਤੇ ਇਕ ਪ੍ਰਾਈਵੇਟ ਪਰਸਨ ਦੀ ਭੂਮਿਕਾ ਹੋਣ ਦੀ ਗੱਲ ਕਹੀ ਹੈ । ਸ਼ਿਕਾਇਤਕਰਤਾ ਨੇ ਹਿੰਮਤ ਕਰ ਕੇ ਰਿਸ਼ਵਤਖੋਰ ਪੁਲਸ ਕਰਮਚਾਰੀ ਦੀ ਆਵਾਜ਼ ਰਿਕਾਰਡ ਤੇ ਸਬੂਤ ਇਕੱਠੇ ਕਰ ਕੇ ਵਿਜੀਲੈਂਸ ਨੂੰ ਦਿੱਤੇ, ਜਿਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਾ ਕੇ ਥਾਣੇ ਤੋਂ ਏ. ਐੱਸ. ਆਈ. ਨੂੰ ਕਾਬੂ ਕੀਤਾ ।
ਮੇਹਰਬਾਨ ਨੇ ਗੱਲਬਾਤ ਦੌਰਾਨ ਕਿਹਾ ਕਿ 'ਮੈਂ ਹਿੰਮਤ ਕਰ ਕੇ ਇਸ ਭ੍ਰਿਸ਼ਟ ਪੁਲਸ ਕਰਮਚਾਰੀ ਨੂੰ ਬੇਨਕਾਬ ਕੀਤਾ ਹੈ । ਮੈਂ ਚਾਹੁੰਦਾ ਹਾਂ ਕਿ ਪੰਜਾਬ 'ਚ ਭ੍ਰਿਸ਼ਟ ਅਫਸਰਾਂ 'ਤੇ ਲਗਾਮ ਲਾਈ ਜਾਵੇ ਤੇ ਉਨ੍ਹਾਂ ਨੂੰ ਬੇ-ਨਕਾਬ ਕੀਤਾ ਜਾਵੇ ਤਾਂ ਜੋ ਮੇਰੀ ਤਰ੍ਹਾਂ ਕਿਸੇ 'ਤੇ ਵੀ ਨਾਜਾਇਜ਼ ਪਰਚੇ ਨਾ ਹੋਣ । ਉਥੇ ਹੀ ਮੁਲਜ਼ਮ ਏ. ਐੱਸ. ਆਈ. ਨੂੰ ਐਤਵਾਰ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ ।
