ਮਾਮਲਾ ਠੇਕੇਦਾਰ ਵਲੋਂ ਸੜਕ ਨਾ ਬਣਾਉਣ ਦਾ, ਲੋਕਾਂ ਨੇ ਕੀਤੀ ਨਾਅਰੇਬਾਜ਼ੀ
Monday, Jul 08, 2019 - 05:04 PM (IST)
ਮਮਦੋਟ (ਜਸਵੰਤ ਸਿੰਘ ਕੰਬੋਜ) - ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਟਿੱਬੀ ਖੁਰਦ ਤੋਂ ਮੱਲਾ ਕਰੀ ਨੂੰ ਜਾਂਦੀ ਕਰੀਬ ਢਾਈ ਕਿਲੋਮੀਟਰ ਸੜਕ ਠੇਕੇਦਾਰ ਵਲੋਂ ਨਾ ਬਣਾਏ ਜਾਣ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਸੜਕੀ ਵਿਭਾਗ ਅਤੇ ਠੇਕੇਦਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਿੰਡ ਟਿੱਬੀ ਕਲਾਂ ਦੇ ਸਰਪੰਚ ਜੋਗਿੰਦਰ ਸਿੰਘ, ਪ੍ਰਗਟ ਸਿੰਘ ਸਰਪੰਚ ਮੱਲਾ ਕਰੀ, ਆਸਾ ਸਿੰਘ ਨੰਬਰਦਾਰ ਆਦਿ ਨੇ ਦੱਸਿਆ ਕਿ ਉਕਤ ਸੜਕ ਕਰੀਬ 10 ਮਹੀਨੇ ਪਹਿਲਾ ਪਾਸ ਹੋ ਚੁੱਕੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਜਿਸ ਠੇਕੇਦਾਰ ਕੋਲ ਇਸ ਸੜਕ ਨੂੰ ਬਣਾਉਣ ਦਾ ਠੇਕਾ ਹੈ, ਉਹ ਜਾਣ ਬੁੱਝ ਕੇ ਇਸ ਸੜਕ ਨੂੰ ਨਹੀਂ ਬਣਾ ਰਿਹਾ ।
ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਤੋਂ ਵੱਧ ਪਿੰਡਾਂ ਅਤੇ ਟਿੱਬੀ ਫੋਕਲ ਪੁਆਇੰਟ ਨੂੰ ਜਾਣ ਵਾਲੀ ਇਸ ਸੜਕ 'ਤੇ ਠੇਕੇਦਾਰ ਵਲੋਂ ਪਿਛਲੇ ਇਕ ਮਹੀਨੇ ਤੋਂ ਪੱਥਰ ਦਾ ਇਕ ਟਰੱਕ ਸੁਟਿਆ ਗਿਆ ਸੀ, ਜਿਸ 'ਚੋਂ ਅੱਧਾ ਟਰੱਕ ਪੱਥਰ ਠੇਕੇਦਾਰ ਵਲੋਂ ਚੁੱਕ ਲਿਆ ਗਿਆ ਸੀ ਅਤੇ ਬਾਕੀ ਦਾ ਪੱਥਰ ਸੜਕ 'ਤੇ ਖਿੱਲਰਿਆ ਪਿਆ ਹੈ। ਸੜਕ 'ਤੇ ਪਏ ਪੱਥਕਾਂ ਕਾਰਨ ਰਾਹਗੀਰਾਂ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੜਕੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ। ਇਸ ਸਬੰਧ 'ਚ ਜੇ.ਈ ਸਤਪਾਲ ਨੇ ਕਿਹਾ ਕਿ ਦੋ ਤਿੰਨ ਦਿਨਾਂ ਅੰਦਰ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।