ਇੱਟਾਂ ਵਾਲੇ ਭੱਠੇ ''ਤੇ ਕੰਮ ਕਰਦੇ ਮਜ਼ਦੂਰ ਦੀ ਭੇਤਭਰੇ ਹਾਲਾਤ ''ਚ ਮੌਤ
Sunday, Dec 08, 2019 - 05:22 PM (IST)

ਮਮਦੋਟ (ਸੰਜੀਵ ਮਦਾਨ, ਆਵਲਾ)- ਪਿੰਡ ਕਰੀ-ਕਲ੍ਹਾਂ ਵਿਖੇ ਇੱਟਾਂ ਵਾਲੇ ਭੱਠੇ 'ਤੇ ਕੰਮ ਕਰਦੇ ਮਜ਼ਦੂਰ ਦੀ ਫਾਹਾ ਲੈ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪੁੱਜੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਰਿੰਕੂ (34) ਵਾਸੀ ਪਿੰਡ ਕੜਮਾ ਤੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੋਵੇਂ ਪਿੰਡ ਕਰੀ-ਕਲਾਂ ਵਿਖੇ ਇੱਟਾਂ ਵਾਲੇ ਭੱਠੇ 'ਤੇ ਇੱਟਾਂ ਥੱਪਣ ਦੇ ਪਥੇਰ ਵਜੋਂ ਕੰਮ ਕਰਦੇ ਹਨ। ਅੱਜ ਸਵੇਰੇ ਭੱਠੇ 'ਤੇ ਚਾਹ ਪੀਣ ਮਗਰੋਂ ਉਹ ਆਪ ਜੰਗਲ ਪਾਣੀ ਚਲੀ ਗਈ ਅਤੇ ਉਸ ਦਾ ਪਤੀ ਉਥੇ ਹੀ ਸੀ। ਲਾਪਸ ਆਉਣ 'ਤੇ ਉਸ ਨੇ ਵੇਖਿਆ ਕਿ ਰਿੰਕੂ ਨੇ ਗਲ 'ਚ ਚੁੰਨੀ ਪਾ ਕੇ ਫਾਹਾ ਲੈ ਲਿਆ। ਉਸ ਦੇ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰ ਕੇ ਕਬਜ਼ੇ 'ਚ ਲੈ ਲਿਆ। ਦੂਜੇ ਪਾਸੇ ਮ੍ਰਿਤਕ ਰਿੰਕੂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ 'ਤੇ ਸਾਜ਼ਿਸ਼ ਦੇ ਤਹਿਤ ਸ਼ੱਕ ਜਤਾਇਆ ਹੈ।