ਸੁਖਦ ਖਬਰ: ਹਸਪਤਾਲ 'ਚ ਦਾਖਲ ਕੋਰੋਨਾ ਮਰੀਜ਼ ਨੂੰ ਤੰਦਰੁਸਤ ਹੋਣ ਤੋਂ ਬਾਅਦ ਭੇਜਿਆ ਘਰ
Saturday, Jun 13, 2020 - 12:54 PM (IST)
ਮਲੋਟ (ਜੁਨੇਜਾ, ਕਾਠਪਾਲ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਤੇ ਵਿਸ਼ੇਸ਼ ਕਰਕੇ ਮਲੋਟ ਖੇਤਰ ਦੇ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਜ਼ਿਲ੍ਹਾ ਕੋਰੋਨਾ ਹਸਪਤਾਲ ਪਿੰਡ ਥੇਹੜੀ ਵਿਖੇ ਭਰਤੀ ਕੁੱਲ ਦੋ ਮਰੀਜ਼ਾਂ 'ਚੋਂ ਅੱਜ ਇਕ ਹੋਰ ਤੰਦਰੁਸਤ ਹੋਣ 'ਤੇ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ 'ਚ ਭਰਤੀ ਕੁੱਲ ਪੰਜ ਮਰੀਜ਼ਾਂ 'ਚੋਂ ਲਗਾਤਾਰ ਦੂਸਰੇ ਦਿਨ ਚੌਥੇ ਮਰੀਜ਼ ਨੂੰ ਤੰਦਰੁਸਤ ਹੋਣ ਪਿੱਛੋਂ ਘਰ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ਅੰਦਰ ਕੁੱਲ 72 ਮਰੀਜ਼ਾਂ ਵਿਚੋਂ ਸਿਰਫ 1 ਹੀ ਐਕਵਿਟ ਕੇਸ ਰਹਿ ਗਿਆ ਹੈ।
ਇਹ ਵੀ ਪੜ੍ਹੋ: ਹਮੇਸ਼ਾ ਹੀ ਨਾਭਾ ਜੇਲ੍ਹ ਨੂੰ 'ਸੁਰੱਖਿਅਤ ਜੇਲ੍ਹ' ਮੰਨਦੇ ਰਹੇ ਹਨ ਅੱਤਵਾਦੀ ਅਤੇ ਗੈਂਗਸਟਰ
ਇਹ ਵੀ ਪੜ੍ਹੋ: ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ
ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਸ੍ਰੀ ਐੱਮ.ਕੇ.ਅਰਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਕੋਰੋਨਾ ਹਸਪਤਾਲ ਥੋਹੜੀ 'ਚ ਭਰਤੀ ਜਸਮੀਤ ਕੌਰ ਦੇ 10 ਦਿਨਾਂ ਦੇ ਇਲਾਜ ਪਿਛੋਂ ਤੰਦਰੁਸਤ ਹੋਣ ਉਪਰੰਤ ਉਸ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਇਸ ਮੌਕੇ ਹਸਪਤਾਲ ਦੇ ਸਟਾਫ ਨੇ ਜਸਮੀਤ ਨੂੰ ਗੁਲਦਸਤੇ ਭੇਟ ਕਰ ਕੇ ਅਲਵਿਦਾ ਕੀਤਾ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੋਰੋਨਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਸੁਨੀਲ ਬਾਂਸਲ ਨੇ ਕਿਹਾ ਕਿ 'ਮਿਸ਼ਨ ਫਤਿਹ' ਤਹਿਤ ਅਸੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਅਤੇ ਆਪਣੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹਮੇਸ਼ਾ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਮਾਸਕ ਜ਼ਰੂਰ ਪਹਿਨ ਕੇ ਰੱਖਣ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਾਣ ਲੱਗਿਆ ਲੋਕਾਂ ਤੋਂ ਤਕਰੀਬਨ 6 ਫੁੱਟ ਤੱਕ ਸਰੀਰਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ, ਖਾਂਸੀ ਜਾਂ ਸਾਹ ਲੈਣ ਵਿਚ ਕੋਈ ਤਕਲੀਫ ਆਉਂਦੀ ਹੈ ਤਾਂ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਆਪਣਾ ਮੈਡੀਕਲ ਚੈੱਕਅਪ ਜ਼ਰੂਰ ਕਰਵਾਉਣ। ਇਸ ਮੌਕੇ ਡਾ. ਸੁਨੀਲ ਬਾਂਸਲ, ਡਾ. ਪ੍ਰਭਜੀਤ ਸਿੰਘ, ਡਾ. ਧਰਮਵੀਰ , ਡਾ. ਐੱਨ. ਪੀ. ਸਿੰਘ ਅਤੇ ਮੈਨੇਜ਼ਰ ਸੰਦੀਪ ਕੁਮਾਰ ਆਦਿ ਹਾਜ਼ਰ ਸਨ।