ਪੈਸੇ ਦੁੱਗਣੇ ਕਰਨ ਦੇ ਬਹਾਨੇ ਆਨਲਾਈਨ ਮਾਰੀ ਸਾਢੇ 3 ਲੱਖ ਰੁਪਏ ਦੀ ਠੱਗੀ

Friday, Mar 20, 2020 - 04:46 PM (IST)

ਮਲੋਟ (ਜੁਨੇਜਾ, ਕਾਠਪਾਲ) - ਥਾਣਾ ਸਦਰ ਮਲੋਟ ਦੀ ਪੁਲਸ ਨੇ ਆਨ ਲਾਈਨ ਕੰਪਨੀ ਦੀ ਆੜ ਵਿਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਕੇ ਸਾਢੇ 3 ਲੱਖ ਦੀ ਠੱਗੀ ਦੇ ਮਾਮਲੇ ਵਿਚ ਮਹਿਲਾ ਸਮਤੇ 4 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਵਿਚ ਜਸਵੰਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਮੁਕਤਸਰ ਰੋਡ ਮਲੋਟ ਨੇ ਦੱਸਿਆ ਕਿ ਅਮਿਤ ਕੁਮਾਰ ਸੈਣੀ ਨਾਮੀ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਹ ਆਨਲਾਇਨ ਕੰਪਨੀ ਸਾਇਕੋਹੱਬ ਡਾਟ ਕਾਮ ਚਲਾ ਰਹੇ ਹਨ। ਇਸ ਕੰਪਨੀ ’ਤੇ ਪੈਸਾ ਲਾਉਣ ’ਤੇ ਉਹ ਲੋਕਾਂ ਦੇ ਪੈਸੇ ਨੂੰ ਦੁੱਗਣਾ ਕਰ ਕੇ ਵਾਪਸ ਕਰਦੇ ਹਨ। ਜਿਸ ਤੋਂ ਬਾਅਦ ਅਮਿਤ ਕੁਮਾਰ ਸੈਣੀ ਖੁਦ ਠੱਗੀ ਵਿਚ ਆ ਗਿਆ। ਜਸਵੰਤ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਦੋਸਤ ਰਾਮ ਕ੍ਰਿਸ਼ਨ ਪੁੱਤਰ ਖੇਤਾ ਰਾਮ ਵਾਸੀ ਪਿੰਡ ਮਲੋਟ ਦੇ ਪੇ.ਟੀ.ਐੱਮ ਅਕਾਊਂਟ ਵਿਚੋਂ ਕੰਪਨੀ ਦਾ ਮੈਂਬਰ ਬਣਨ ਲਈ ਮਿਤੀ 28/1/2018 ਨੂੰ 1500 ਰੁਪਏ ਦੀ ਰਕਮ ਦੋਸ਼ੀਆਂ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੀ ।

ਪੈਸੇ ਦੁੱਗਣੇ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਉਨ੍ਹਾਂ ਅਤੇ ਗਿੱਦੜਬਾਹਾ ਦੇ ਬਲਤੇਜ ਸਿੰਘ ਪੁੱਤਰ ਸੁਰਜੀਤ ਸਿੰਘ ਸਮੇਤ 3 ਲੱਖ 45 ਹਜ਼ਾਰ ਰੁਪਏ ਦੀ ਨਕਦੀ ਕੰਪਨੀ ਦੇ ਖਾਤਿਆਂ ’ਚ ਪਾ ਦਿੱਤੀ । ਇਸ ਉਪਰੰਤ ਕੰਪਨੀ ਨੇ ਪੈਸੇ ਦੁੱਗਣੇ ਕਰਨੇ ਤਾਂ ਦੂਰ ਪੈਸੇ ਵਾਪਸ ਦੇਣ ਤੋਂ ਨਾਹ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਠੱਗੀ ਮਾਰਨੀ ਸੀ ਉਹ ਮਾਰ ਲਈ ਹੈ। ਤੁਸੀਂ ਜੋ ਕੁਝ ਕਰਨਾ ਕਰ ਲਓ। ਪੁਲਸ ਨੇ ਪੜਤਾਲ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਬਿਆਨਾਂ ’ਤੇ ਅਮਿਤ ਕੁਮਾਰ ਸੈਣੀ, ਸੱਤਿਆਵਾਨ ਸੈਣੀ, ਸ਼ਕੁੰਤਲਾ ਦੇਵੀ ਵਾਸੀ ਨਾਰਨੌਦ ਜ਼ਿਲਾ ਜੀਂਦ ਹਰਿਆਣਾ ਅਤੇ ਸੁਖਵਿੰਦਰ ਸਿੰਘ ਵਾਸੀ ਜਗਾਧਰੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਾਰੇ ਦੋਸ਼ੀ ਹਰਿਆਣਾ ਦੇ ਜ਼ਿਲਾ ਜੀਂਦ ਦੇ ਨਾਰਨੌਦ ਅਤੇ ਜਗਾਧਰੀ ਦੇ ਨਿਵਾਸੀ ਹਨ।


rajwinder kaur

Content Editor

Related News