ਵਿਜੀਲੈਂਸ ਵਲੋਂ ਮਾਲ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫਤਾਰ

Thursday, Nov 28, 2019 - 07:00 PM (IST)

ਵਿਜੀਲੈਂਸ ਵਲੋਂ ਮਾਲ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫਤਾਰ

ਮੋਗਾ,(ਗੋਪੀ ਰਾਊਕੇ): ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਵਲੋਂ ਰਿਸ਼ਵਤਖੋਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਵਿਜੀਲੈਂਸ ਬਿਊਰੋ ਮੋਗਾ ਨੇ ਇਕ ਮਾਲ ਪਟਵਾਰੀ ਨੂੰ ਚਾਰ ਹਜ਼ਾਰ ਰੁਪਏ ਦੀ ਰਿਸਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਮੋਗਾ ਦੇ ਡੀ. ਐਸ. ਪੀ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਿਸਾਨ ਮਨਜੀਤ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੇ ਸੂਚਿਤ ਕੀਤਾ ਸੀ ਕਿ ਉਸ ਨੇ ਜ਼ਮੀਨ ਖਰੀਦ ਕੀਤੀ ਸੀ, ਉਕਤ ਜ਼ਮੀਨ ਜੋ ਦੋ ਕਿੱਲੇ ਇਕ ਕਨਾਲ ਦੱਸੀ ਜਾ ਰਹੀ ਹੈ ਦਾ ਇੰਤਕਾਲ ਉਸਨੇ ਕਰਵਾਉਣਾ ਸੀ।

ਮਾਲ ਪਟਵਾਰੀ ਉਸਦੀ ਜ਼ਮੀਨ ਦਾ ਇੰਤਕਾਲ ਕਰਨ ਦੇ ਬਦਲੇ 4 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ, ਜਿਸ 'ਤੇ ਅੱਜ ਉਹ ਇੰਸਪੈਕਟਰ ਸਤਪ੍ਰੇਮ ਸਿੰਘ, ਥਾਣੇਦਾਰ ਸੁਰਿੰਦਰਪਾਲ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਸਮੇਤ ਤਹਿਸੀਲ ਕੰਪਲੈਕਸ ਬਾਘਾਪੁਰਾਣਾ 'ਚ ਜਾ ਕੇ ਨਾਕਾਬੰਦੀ ਕੀਤੀ। ਮਾਲ ਪਟਵਾਰੀ ਜਸਵੀਰ ਸਿੰਘ ਨਿਵਾਸੀ ਪਿੰਡ ਰੋਡੇ ਜੋ ਰਾਜੇਆਣਾ 'ਚ ਤਾਇਨਾਤ ਹੈ, ਨੂੰ ਉਸ ਸਮੇਂ ਰੰਗੇ ਹੱਥੀਂ ਦਬੋਚ ਲਿਆ ਗਿਆ, ਜਦ ਉਹ ਮਨਜੀਤ ਸਿੰਘ ਤੋਂ ਉਸ ਦੀ ਜ਼ਮੀਨ ਦਾ ਇੰਤਕਾਲ ਕਰਨ ਦੇ ਬਦਲੇ 4 ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਸੀ, ਜੋ ਉਸ ਤੋਂ ਬਰਾਮਦ ਕਰ ਲਏ ਗਏ। ਇਸ ਮੌਕੇ ਬਤੌਰ ਸਰਕਾਰੀ ਗਵਾਹ ਡਾ. ਰਾਜੇਸ਼ ਮਿੱਤਲ ਤੇ ਡਾ. ਮਨਿੰਦਰਜੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਵਿਜੀਲੈਂਸ ਬਿਊਰੋ ਫਿਰੋਜ਼ਪੁਰ 'ਚ ਕੁਰੱਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਮਾਲ ਪਟਵਾਰੀ ਜਸਵੀਰ ਸਿੰਘ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News