ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਆਏ 17 ਵਿਅਕਤੀਆਂ ਦਾ ਸਿਵਲ ਹਸਪਤਾਲ 'ਚ ਕੋਰੋਨਾ ਸਬੰਧੀ ਹੋਇਆ ਚੈਕਅੱਪ

Wednesday, Apr 01, 2020 - 09:10 PM (IST)

ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਆਏ 17 ਵਿਅਕਤੀਆਂ ਦਾ ਸਿਵਲ ਹਸਪਤਾਲ 'ਚ ਕੋਰੋਨਾ ਸਬੰਧੀ ਹੋਇਆ ਚੈਕਅੱਪ

ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)- ਤਬਲੀਗੀ ਜਮਾਤ ਦੇ ਦਿੱਲੀ ਸਥਿੱਤ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਨੇੜਲੇ ਵਿਸ਼ਵ ਪ੍ਰਸਿੱਧ ਤਬਲੀਗੀ ਮਰਕਜ਼ 'ਚ ਦੇਸ਼-ਵਿਦੇਸ਼ ਤੋਂ ਪੁੱਜੇ ਧਰਮ ਪ੍ਰਚਾਰਕਾਂ ਤੇ ਮੌਲਾਨਾਂ ਦੇ ਵੱਡੇ ਜ਼ਮਾਂਵੜੇ ਦੇ ਚੱਲਦਿਆਂ ਹਰਕਤ 'ਚ ਆਈ ਦਿੱਲੀ ਤੇ ਕੇਂਦਰੀ ਸਰਕਾਰ ਵੱਲੋਂ ਖਾਲੀ ਕਰਵਾਏ ਗਏ ਤਬਲੀਗੀ ਮਰਕਜ਼ ਨਾਲ ਦੇਸ਼ 'ਚ ਹੜਕੰਪ ਮੱਚ ਗਿਆ, ਜਿਸਦੇ ਚੱਲਦਿਆਂ ਲੰਘੀ ਕੱਲ ਤੇ 10-15 ਦਿਨ ਪਹਿਲਾਂ ਦਿੱਲੀ ਮਰਕਜ਼ ਹੋ ਕੇ ਆਏ ਮਾਲੇਰਕੋਟਲਾ ਦੇ ਧਰਮ ਪ੍ਰਚਾਰਕਾਂ ਦੀ ਸਿਹਤ ਦਾ ਅੱਜ ਸਥਾਨਕ ਸਰਕਾਰੀ ਹਸਪਤਾਲ ਵਿਖੇ ਮੁਢਲਾ ਚੈਕਅੱਪ ਕੀਤਾ ਗਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਨੋਡਲ ਅਫਸਰ ਡਾਕਟਰ ਅਰਸ਼ਵੀਰ ਕੌਰ ਦੀ ਹਾਜ਼ਰੀ 'ਚ ਅੱਜ ਸ਼ੱਕੀ ਵਿਆਕਤੀਆਂ ਦੇ ਕੀਤੇ ਗਏ ਟੈਸਟਾਂ ਤੇ ਜਾਂਚ ਦਾ ਵਿਸਥਾਰ 'ਚ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਦਿੱਲੀ ਸਥਿੱਤ ਤਬਲੀਗੀ ਮਰਕਜ਼ ਨਾਲ ਸਬੰਧਤ 17 ਵਿਆਕਤੀਆਂ ਜਿਨ੍ਹਾਂ 'ਚ 14 ਸ਼ਹਿਰੀ ਖੇਤਰ ਨਾਲ ਅਤੇ ਤਿੰਨ ਪਿੰਡਾਂ ਨਾਲ ਸਬੰਧਤ ਹਨ ਦੀ ਮੁਢਲੀ ਜਾਂਚ ਕੀਤੀ ਗਈ ਹੈ। ਜਿਸ ਦੌਰਾਨ ਉਨ੍ਹਾਂ 'ਚ ਕੋਰੋਨਾਂ ਵਾਇਰਸ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਕਾਰਨ ਉਨ੍ਹਾਂ ਸਾਰਿਆਂ ਨੂੰ ਜਾਂਚ ਉਪਰੰਤ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਲੰਘੀ ਕੱਲ ਸ਼ਹਿਰ ਦੇ ਜਮਾਲਪੁਰਾ ਖੇਤਰ ਨਾਲ ਸਬੰਧਤ ਜਾਂਚ ਲਈ ਲਿਆਂਦੇ ਗਏ ਇੱਕ ਸ਼ੱਕੀ ਬਜ਼ੂਰਗ ਮੁਹੰਮਦ ਜ਼ਮੀਲ ਦੀ ਜਾਂਚ ਦੌਰਾਨ ਖੰਗ-ਜ਼ੁਕਾਮ ਵਰਗੇ ਕੁਝ ਲੱਛਣ ਪਾਏ ਜਾਣ ਕਾਰਨ ਉਸਨੂੰ ਅਗਲੀ ਜਾਂਚ ਲਈ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਬਜ਼ੂਰਗ ਵੀ ਕੁਝ ਦਿਨ ਪਹਿਲਾਂ ਦਿੱਲੀ ਤਬਲੀਗੀ ਮਰਕਜ਼ 'ਚ ਜਾ ਕੇ ਆਇਆ ਸੀ, ਪਰ ਇਹ ਦਿੱਲੀ ਮਰਕਜ਼ 'ਚ ਜਾਣ ਤੋਂ ਪਹਿਲਾਂ ਵੀ ਬੀਮਾਰ ਹੀ ਚੱਲ ਰਿਹਾ ਦੱਸਿਆ ਜਾਂਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਰੋਨਾਂ ਦੀ ਮਹਾਂਮਾਰੀ ਦੇ ਚੱਲਦਿਆਂ ਐਮਰਜੰਸੀ 'ਚ ਮਰੀਜ਼ ਨੂੰ ਰੱਖਣ ਲਈ ਪੰਜਾਬ ਵਕਫ ਬੋਰਡ ਦੀ ਮਲਕੀਅਤ ਵਾਲੇ ਸਥਾਨਕ ਹਜ਼ਰਤ ਹਲੀਮਾਂ ਹਸਪਤਾਲ ਅੰਦਰਲੇ ਇੱਕ ਵੈਂਟੀਲੇਟਰ ਤੋਂ ਇਲਵਾ ਮਾਲੇਰਕੋਟਲਾ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ 'ਚ ਕੋਈ ਵੈਂਟੀਲੇਟਰ ਨਹੀਂ ਹੈ। ਐਸ.ਐਮ.ਓ. ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਪੱਧਰ 'ਤੇ ਸਰਕਾਰੀ ਹਦਾਇਤਾਂ ਅਨੁਸਾਰ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਮੌਜੂਦਾ ਸਮੇਂ ਹਸਪਤਾਲ 'ਚ ਭਾਵੇਂ 15 ਬੈਡਾਂ ਦੇ ਕੋਰੋਨਾ ਵਾਇਰਸ ਮਰੀਜ਼ਾਂ ਦਾ ਆਈਸੋਲੇਸਨ ਬਣਾਇਆ ਗਿਆ ਹੈ ਪਰੰਤੂ ਕਿਸੇ ਵੀ ਸਮੇਂ ਆਉਣ ਵਾਲੀ ਐਮਰਜੰਸੀ ਨਾਲ ਨਜਿੱਠਣ ਲਈ ਹਸਪਤਾਲ 'ਚ ਖਾਲੀ ਪਏ ਵਾਰਡਾਂ ਨੂੰ ਆਈਸੋਲੇਸ਼ਨ 'ਚ ਤਬਦੀਲ ਕਰਨ ਲਈ ਤਿਆਰ ਬਰ ਤਿਆਰ ਰੱਖਿਆ ਹੋਇਆ ਹੈ। ਹਜ਼ਰਤ ਹਲੀਮਾਂ ਹਸਪਤਾਲ 'ਚ ਕੋਰੋਨਾ ਦੀ ਐਮਰਜੰਸੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਾਰੇ ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਸਥਿੱਤ ਹਜ਼ਰਤ ਹਲੀਮਾਂ ਹਸਪਤਾਲ ਸਮੇਤ ਸ਼ਹਿਰ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਵੀ ਐਮਰਜੰਸੀ ਲਈ ਹਰ ਸਮੇਂ ਤਿਆਰ ਰਹਿਣ ਦੇ ਅਦੇਸ਼ ਵੀ ਜਾਰੀ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੰਘੀ ਕੱਲ ਅਹਿਤਿਆਤ ਵੱਜੋਂ ਆਈਸੋਲੇਸ਼ਨ 'ਚ ਰੱਖੇ ਗਏ ਗੁਜ਼ਰਾਤ ਤੋਂ ਆਏ 7 ਵਿਦਿਆਰਥੀਆਂ ਸਮੇਤ ਸਾਰੇ 11 ਵਿਆਕਤੀਆਂ ਨੂੰ ਜਾਂਚ ਮੁਕੰਮਲ ਹੋਣ ਉਪਰੰਤ ਲੰਘੀ ਰਾਤ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ 'ਚ ਵੀ ਕੋਰੋਨਾ ਦੀ ਮਹਾਂਮਾਰੀ ਦਾ ਕੋਈ ਲੱਛਣ ਨਹੀਂ ਪਾਇਆ ਗਿਆ।


author

Bharat Thapa

Content Editor

Related News