ਬਠਿੰਡਾ ਏਮਜ਼ ਤੋਂ ਰਾਜਿੰਦਰਾ ਹਸਪਤਾਲ ਆਏ ਮੇਲ ਨਰਸਿਜ਼ ਦੀਆਂ ਮੰਗਾਂ ਨੇ ਕਰਾਈ ਤੌਬਾ, ਭੇਜੇ ਵਾਪਸ

Thursday, May 20, 2021 - 04:00 PM (IST)

ਪਟਿਆਲਾ (ਜ. ਬ.) : ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਤੋਂ ਜ਼ਿਲ੍ਹੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਤਾਇਨਾਤ ਕੀਤੇ ਗਏ 50 ਮੇਲ ਨਰਸਿਜ਼ ਦੀਆਂ ਮੰਗਾਂ ਨੇ ਦੋ ਦਿਨਾਂ ’ਚ ਹੀ ਅਧਿਕਾਰੀਆਂ ਦੀ ਤੌਬਾ ਕਰਵਾ ਦਿੱਤੀ, ਜਿਸ ਮਗਰੋਂ ਇਨ੍ਹਾਂ ਨੂੰ ਵਾਪਸ ਏਮਜ਼ ਬਠਿੰਡਾ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਏਮਜ਼ ਬਠਿੰਡਾ ’ਚ 200 ਮੇਲ ਨਰਸਿਜ਼ ਭਰਤੀ ਕੀਤੇ ਗਏ ਸਨ। ਉਥੇ ਲੋਡ਼ ਘੱਟ ਹੋਣ ਮਗਰੋਂ ਇਨ੍ਹਾਂ ’ਚੋਂ 50-50 ਦਾ ਬੈਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ’ਚ ਤਾਇਨਾਤ ਕਰ ਦਿੱਤਾ ਗਿਆ। ਪਟਿਆਲਾ ਪਹੁੰਚੇ ਮੇਲ ਨਰਸਿਜ਼ ਨੂੰ ਇਥੇ ਫਿਜ਼ੀਕਲ ਕਾਲਜ ਦੇ ਹੋਸਟਲ ’ਚ ਠਹਿਰਾਇਆ ਗਿਆ। ਦੋ ਦਿਨਾਂ ’ਚ ਹੀ ਅਧਿਕਾਰੀਆਂ ਅਤੇ ਇਨ੍ਹਾਂ ਮੇਲ ਨਰਸਿਜ਼ ਦੀ ਅਨਬਨ ਇੰਨੀ ਸਿਖ਼ਰ ’ਤੇ ਪਹੁੰਚ ਗਈ ਕਿ ਇਨ੍ਹਾਂ ਨੂੰ ਵਾਪਸ ਬਠਿੰਡਾ ਭੇਜਣ ਦੇ ਆਦੇਸ਼ ਦੇ ਦਿੱਤੇ ਗਏ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਹ ਮੇਲ ਨਰਸਿਜ਼ ਦੋਸ਼ ਲਗਾ ਰਹੇ ਸਨ ਕਿ ਰਹਿਣ ਲਈ ਥਾਂ ਸਹੀ ਨਹੀਂ, ਜਦ ਕਿ ਉਨ੍ਹਾਂ ਨਵੀਆਂ ਚਾਦਰਾਂ ’ਤੇ ਬੈੱਡ ਲਗਵਾ ਕੇ ਦਿੱਤੇ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਕਾਂਗਰਸੀ ਸੰਸਦ ਮੈਂਬਰਾਂ ਦਾ ਧਰਨਾ ਜਾਰੀ, ਮੰਗਾਂ ਮੰਨੇ ਜਾਣ ਤਕ ਡਟੇ ਰਹਿਣ ਦਾ ਅਹਿਦ 

ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਨੇ ਖਾਣਾ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਹ ਖੁਦ ਤੇ ਰਾਜਿੰਦਰਾ ਹਸਪਤਾਲ ਦੇ ਐੱਮ. ਐੱਸ. ਡਾ. ਐੱਚ. ਐੱਸ. ਰੇਖੀ ਇਨ੍ਹਾਂ ਮੇਲ ਨਰਸਿਜ਼ ਨਾਲ ਡਿਨਰ ਕਰ ਕੇ ਆਏ ਸਨ ਤੇ ਖਾਣਾ ਬਿਲਕੁਲ ਸਹੀ ਸੀ।  ਇਸ ਮਗਰੋਂ ਅਗਲੇ ਦਿਨ ਫਿਰ ਨਾਸ਼ਤੇ ਦੀ ਸ਼ਿਕਾਇਤ ਆ ਗਈ। ਜਦੋਂ ਅਧਿਕਾਰੀਆਂ ਨੇ ਪੁੱਛਿਆ ਤਾਂ ਮੇਲ ਨਰਸਿਜ਼ ਨੇ ਦੱਸਿਆ ਕਿ ਆਲੂ ਦਾ ਪਰੋਂਠਾ, ਦਹੀਂ ਤੇ ਮੱਖਣ ਮਿਲਿਆ ਸੀ ਪਰ ਇਹ ਖਾਣ ’ਚ ਸਵਾਦ ਨਹੀਂ ਸੀ। ਇਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਾਨੂੰ ਹੋਸਟਲ ਤੋਂ ਹਸਪਤਾਲ ਲਿਆਉਣ ਲਈ ਏ. ਸੀ. ਬੱਸਾਂ ਲਗਾਈਆਂ ਜਾਣ, ਸਾਡੇ ਕਮਰਿਆਂ ’ਚ ਏ. ਸੀ. ਤੇ ਹਰ ਕਮਰੇ ’ਚ ਫਰਿੱਜ ਦਿੱਤਾ ਜਾਵੇ। ਇਨ੍ਹਾਂ ਨੇ ਪੀ. ਪੀ. ਈ. ਕਿੱਟਾਂ ਤੇ ਆਈ. ਸੀ. ਯੂ. ’ਚ ਮਰੀਜ਼ ਦੇਖਣ ਤੋਂ ਵੀ ਨਾਂਹ ਕਰ ਦਿੱਤੀ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਹੀ ਮੇਲ ਨਰਸਿਜ਼ ਨੂੰ ਵਾਪਸ ਭੇਜਿਆ ਗਿਆ ਹੈ। ਦੂਜੇ ਪਾਸੇ ਮੇਲ ਨਰਸਿਜ਼ ’ਚੋਂ ਕੁਝ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਹੋਸਟਲ ’ਚ ਬਾਥਰੂਮ ਸਹੀ ਨਹੀਂ ਸਨ ਤੇ ਟੂਟੀਆਂ ਟੁੱਟੀਆਂ ਹੋਈਆਂ ਸਨ। ਰਹਿਣ ਲਈ ਹਾਲਾਤ ਵੀ ਠੀਕ ਨਹੀਂ ਸਨ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 

 

 


Anuradha

Content Editor

Related News