ਮਲੇਰੀਆ ਦੀ ਦਵਾਈ ਦਾ ਕੋਰੋਨਾ ਮਰੀਜ਼ਾਂ ’ਤੇ ਦੇਖਿਆ ਜਾਵੇਗਾ ਅਸਰ

Thursday, May 21, 2020 - 12:44 PM (IST)

ਮਲੇਰੀਆ ਦੀ ਦਵਾਈ ਦਾ ਕੋਰੋਨਾ ਮਰੀਜ਼ਾਂ ’ਤੇ ਦੇਖਿਆ ਜਾਵੇਗਾ ਅਸਰ

ਚੰਡੀਗੜ੍ਹ (ਅਰਚਨਾ) : ਮਲੇਰੀਆ ਦੀ ਦਵਾਈ ਦਾ ਹੁਣ ਕੋਰੋਨਾ ਮਰੀਜ਼ਾਂ 'ਤੇ ਅਸਰ ਦੇਖਿਆ ਜਾਵੇਗਾ। ਦਿੱਲੀ ਦੀ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੂਰਵੈਦਿਕ ਸਾਇੰਸ ਅਤੇ ਚੰਡੀਗੜ੍ਹ ਦੇ ਸੈਕਟਰ-46 ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਵਿਚਕਾਰ ਇਕ ਐੱਮ. ਓ. ਯੂ. ਸਾਈਨ ਕੀਤਾ ਗਿਆ ਹੈ। ਐੱਮ. ਓ. ਯੂ. ਅਨੁਸਾਰ ਆਯੂਰਵੈਦਿਕ ਕਾਲਜ ਨੂੰ ਕੋਰੋਨਾ ਮਰੀਜ਼ਾਂ 'ਤੇ ਮਲੇਰੀਆ ਦੀ ਦਵਾਈ ਆਯੂਸ਼ 64 ਦੇ ਅਸਰ ਨੂੰ ਦੇਖਣਾ ਹੈ। ਧਨਵੰਤਰੀ ਕਾਲਜ ਨੂੰ ਛੇ ਮਹੀਨੇ ਲਈ ਕਲੀਨਿਕਲ ਟ੍ਰਾਇਲ ਕਰਨ ਲਈ ਕਿਹਾ ਗਿਆ ਹੈ। ਆਯੂਸ਼-64 ਦਾ ਅਸਰ ਨਾ ਸਿਰਫ਼ ਘੱਟ ਵਾਇਰਲ ਲੋਡ, ਸਗੋਂ ਜ਼ਿਆਦਾ ਵਾਇਰਲ ਲੋਡ ਵਾਲੇ ਮਰੀਜ਼ਾਂ 'ਤੇ ਵੀ ਦੇਖਿਆ ਜਾਵੇਗਾ। ਕੋਰੋਨਾ ਮਰੀਜ਼ਾਂ ਨੂੰ ਟ੍ਰਾਇਲ ਦੌਰਾਨ ਖਾਣ ਲਈ ਸਿਰਫ਼ ਆਯੂਰਵੈਦਿਕ ਦਵਾਈਆਂ ਹੀ ਦਿੱਤੀ ਜਾਣਗੀਆਂ।
ਅਜੇ 23 ਮਰੀਜ਼ ਦਾਖਲ ਹਨ ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ’ਚ
ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ਦੇ ਮੈਡੀਸਿਨ ਵਿਭਾਗ ਦੇ ਐੱਚ. ਓ. ਡੀ. ਡਾ. ਡੀ. ਕੇ. ਚੱਢਾ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਆਯੂਰਵੈਦਿਕ ਕਾਲਜ ਪੀ. ਜੀ. ਆਈ. ਅਤੇ ਹੋਰ ਕੋਵਿਡ ਸੈਂਟਰਾਂ ਦੀ ਤਰ੍ਹਾਂ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਮੰਗਲਵਾਰ ਸ਼ਾਮ ਹਸਪਤਾਲ ਤੋਂ 34 ਕੋਰੋਨਾ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕੀਤਾ ਗਿਆ ਹੈ। ਮੌਜੂਦਾ ਸਮੇਂ 'ਚ ਹਸਪਤਾਲ 'ਚ 23 ਕੋਰੋਨਾ ਮਰੀਜ਼ ਇਲਾਜ ਅਧੀਨ ਹਨ। ਆਯੂਸ਼ 64 ਦਵਾਈ ਦਾ ਅਸਰ ਦੇਖਣ ਲਈ 24 ਮਈ ਤੋਂ ਕਲੀਨੀਕਲ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। ਮਰੀਜ਼ਾਂ ਨੂੰ ਹੁਣ ਆਯੁਰਵੈਦਿਕ ਦਵਾਈ ਦੇ ਨਾਲ ਐਲੋਪੈਥਿਕ ਦਵਾਈ ਨਹੀਂ ਦਿੱਤੀ ਜਾਵੇਗੀ। ਦਵਾਈ ਪਹਿਲਾਂ ਮਲੇਰੀਆ ਮਰੀਜ਼ਾਂ ਦੇ ਇਲਾਜ 'ਚ ਦਿੱਤੀ ਜਾਂਦੀ ਸੀ, ਉਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਚੁੱਕੇ ਹਨ। ਮਰੀਜ਼ਾਂ 'ਚ ਦਵਾਈ ਦੇ ਅਸਰ ਨੂੰ ਤਾਂ ਦੇਖਿਆ ਹੀ ਜਾਵੇਗਾ ਨਾਲ ਹੀ ਇਹ ਵੀ ਦੇਖਾਂਗੇ ਕਿ ਦਵਾਈ ਖਾਣ ਤੋਂ ਬਾਅਦ ਮਰੀਜ਼ਾਂ 'ਚ ਕਿਸੇ ਤਰ੍ਹਾਂ ਦੇ ਸਾਈਡ ਇਫੈਕਟ ਤਾਂ ਨਹੀਂ ਦਿਖਦੇ।
 


author

Babita

Content Editor

Related News