ਸਿੱਖ ਧਰਮ 'ਚ ਜਾਣੋ ਕੀ ਹੈ 'ਮਾਘੀ ਦੇ ਤਿਉਹਾਰ' ਦੀ ਮਹੱਤਤਾ

01/14/2021 11:50:53 AM

ਚੰਡੀਗੜ੍ਹ (ਬਿਊਰੋ) - ਮਾਘੀ ਦਾ ਤਿਉਹਾਰ ਸਿੱਖ ਧਰਮ 'ਚ ਖ਼ਾਸ ਮਹੱਤਵ ਰੱਖਦਾ ਹੈ। ਹਰ ਸਾਲ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਯਾਦ 'ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਹਿੰਦੀ 'ਚ ਇਸ ਤਿਉਹਾਰ ਨੂੰ 'ਮਕਰ ਸਕ੍ਰਾਂਤੀ' ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ 'ਚ ਠੰਡ 'ਚ ਪੱਕ ਰਹੀ ਫ਼ਸਲ ਦਾ ਜ਼ਸ਼ਨ ਮਨਾਉਣ ਲਈ ਵੀ ਮਨਾਇਆ ਜਾਂਦਾ ਹੈ। ਮਾਘੀ, ਪੰਜਾਬੀ ਕਲੈਂਡਰ ਮੁਤਾਬਿਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਨਾਇਆ ਜਾਂਦਾ ਹੈ। ਮਾਘੀ ਮਕਰ ਸੰਕ੍ਰਾਤੀ ਤਿਉਹਾਰ ਦਾ ਪੰਜਾਬੀ ਨਾਂ ਹੈ, ਜੋ ਕਿ ਠੰਡ ਦੀ ਸੰਗਰਾਂਦ ਦਾ ਤਿਉਹਾਰ ਹੈ ਅਤੇ ਇਸ ਨੂੰ ਸਰਦੀ ਵਾਡੀ ਦੇ ਤਿਉਹਾਰ ਦੇ ਰੂਪ 'ਚ ਪੂਰੇ ਭਾਰਤ 'ਚ ਮਨਾਇਆ ਜਾਂਦਾ ਹੈ।

ਸ੍ਰੀ ਮੁਕਤਸਰ ਸਾਹਿਬ ਦੀ ਦਾਸਤਾਨ 
ਦੱਸ ਦੇਈਏ ਕਿ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ 'ਤੇ ਮੁਗਲ ਹਕੂਮਤ ਵਿਰੁੱਧ ਆਪਣੀ ਆਖ਼ਰੀ ਜੰਗ ਲੜੀ ਸੀ, ਜਿਸ ਨੂੰ 'ਖਿਦਰਾਣੇ ਦੀ ਜੰਗ' ਕਿਹਾ ਜਾਂਦਾ ਹੈ। ਸੰਨ 1705 ਈ. 'ਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੁਸ਼ਮਣਾਂ ਦੀ ਫੌਜ ਨਾਲ ਜੰਗ ਕਰਦੇ ਹੋਏ ਵੱਖ-ਵੱਖ ਥਾਵਾਂ 'ਤੇ ਮਾਲਵਾ ਦੀ ਧਰਤੀ ਵੱਲ ਰੁਖ ਕੀਤਾ। ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ। ਜ਼ਿਕਰ ਏ ਖਾਸ ਹੈ ਕਿ ਜੋ ਮਹਾਨ 40 ਸਿੱਖ ਯੋਧੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ, ਇਸ ਪਵਿੱਤਰ ਧਰਤੀ 'ਤੇ ਉਨ੍ਹਾਂ ਨੇ ਵੀ ਗੁਰੂ ਸਾਹਿਬ ਨਾਲ ਮਿਲ ਕੇ ਮੋਰਚੇ ਕਾਇਮ ਕਰ ਲਏ।
ਇਸ ਅਸਥਾਨ 'ਤੇ ਹੀ ਸਿੱਖਾਂ ਨੇ ਆਸਰਾ ਲਿਆ ਅਤੇ ਮੁਗਲ ਫੌਜ 'ਤੇ ਹਮਲਾ ਕੀਤਾ। ਮੁਗਲ ਫੌਜ ਦੇ ਕਈ ਸਿਪਾਹੀ ਮਾਰੇ ਗਏ ਅਤੇ ਕਈ ਭੱਜ ਗਏ। ਯੁੱਧ ਦੌਰਾਨ ਕਈ ਸਿੰਘ ਵੀ ਸ਼ਹੀਦ ਹੋ ਗਏ ਸਨ। ਇਸ ਪਵਿੱਤਰ ਧਰਤੀ 'ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਕਰਕੇ ਆਏ ਸਨ, ਉਨ੍ਹਾਂ ਦੇ ਬੇਦਾਵੇ ਨੂੰ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ 'ਤੇ ਸ਼ਹੀਦੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਇਸ ਧਰਤੀ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪੈ ਗਿਆ।

ਇਸ ਦਿਨ ਤੋਂ ਸ਼ੀਸ਼ਿਰ ਮੌਸਮ ਦੀ ਹੁੰਦੀ ਹੈ ਸ਼ੁਰੂਆਤ
ਸ਼ੀਸ਼ਿਰ ਮੌਸਮ ਸਰਦੀ ਦੇ ਮੌਸਮ ਦਾ ਦੂਸਰਾ ਅੱਧ ਵੀ ਮੰਨਿਆ ਜਾਂਦਾ ਹੈ, ਜਿਸ 'ਚ ਨਿਮਰ ਮੌਸਮ ਹੁੰਦਾ ਹੈ। ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਮਾਘੀ ਤਿਉਹਾਰ ਨੂੰ ਸੂਰਜੀ ਮਹੀਨੇ ਮਾਘ 'ਚ ਮਨਾਇਆ ਜਾਂਦਾ ਹੈ, ਉਸ ਅਨੁਸਾਰ ਬਸੰਤ ਤਿਉਹਾਰ ਨੂੰ ਚੰਦਰ ਮਹੀਨੇ ਦੇ ਮਾਘ 'ਚ ਮਨਾਇਆ ਜਾਂਦਾ ਹੈ। ਮਾਘੀ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਮੇਲਾ ਲੱਗਦਾ ਹੈ। ਇਹ ਸਾਲਾਨਾ ਮੇਲਾ ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਵਿਖੇ ਲੱਗਦਾ ਹੈ। ਬੀਤੇ ਸਮੇਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਖਿਦਰਾਣਾ ਸੀ। ਇਥੇ ਇਕ ਪਵਿਤਰ ਸਰੋਵਰ ਬਣਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਨੇ ਇਹ ਬਖ਼ਸ਼ਿਸ਼ ਕੀਤੀ ਸੀ ਕਿ ਜਿਹੜਾ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ। ਮਾਘੀ ਵਾਲੇ ਦਿਨ ਲੋਕੀ ਸ਼ਰਧਾ ਨਾਲ ਇਸ ਸਰੋਵਰ 'ਚ ਇਸ਼ਨਾਨ ਕਰਦੇ ਹਨ। ਇਸ਼ਨਾਨ ਪਿਛੋਂ ਸੰਗਤਾਂ ਨਗਰ ਕੀਰਤਨ ਦੇ ਰੂਪ 'ਚ ਮੁਕਤਸਰ ਦੇ ਹੋਰ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲਦੀਆਂ ਹਨ।


sunita

Content Editor

Related News