ਭਾਜਪਾ ਨੇ ਹਰਾਇਆ ਸ਼ੀਤਲ ਅੰਗੁਰਾਲ! ਜਾਣੋ ਉਹ ਵੱਡਾ ਕਾਰਣ ਜਿਸ ਕਰਕੇ ਗੜ੍ਹ ''ਚ ਮਿਲੀ ਕਰਾਰੀ ਹਾਰ

Saturday, Jul 13, 2024 - 06:19 PM (IST)

ਜਲੰਧਰ (ਵੈੱਬ ਡੈਸਕ) : ਜਲੰਧਰ ਵੈਸਟ ਵਿਧਾਨ ਸਭਾ ਸੀਟ 'ਤੇ ਜਿੱਥੇ ਆਮ ਆਦਮੀ ਪਾਰਟੀ ਨੇ ਮੁੜ ਵੱਡੀ ਜਿੱਤ ਹਾਸਲ ਕੀਤੀ ਹੈ, ਉਥੇ ਹੀ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਆਪਣੇ ਗੜ੍ਹ ਵਿਚ ਹੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੀਤਲ ਨੂੰ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਹੱਥੋਂ 37,325 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਵਾਦ ਚੱਖਣਾ ਪਿਆ ਹੈ। ਆਲਮ ਇਹ ਹੈ ਕਿ ਸ਼ੀਤਲ ਮੁਸ਼ਕਲ ਨਾਲ ਦੂਜੇ ਨੰਬਰ 'ਤੇ ਰਹੇ ਹਨ ਜਦਕਿ ਪਹਿਲੇ ਨੌਂ ਰੁਝਾਨਾ ਵਿਚ ਕਾਂਗਰਸ ਦੀ ਸੁਰਿੰਦਰ ਕੌਰ ਉਨ੍ਹਾਂ ਤੋਂ ਅੱਗੇ ਚੱਲ ਰਹੇ ਸਨ। ਸ਼ੀਤਲ ਅੰਗੁਰਾਲ ਅਤੇ ਕਾਂਗਰਸ ਦੀ ਸੁਰਿੰਦਰ ਕੌਰ ਵਿਚਾਲੇ ਮਹਿਜ਼ 1,164 ਵੋਟਾਂ ਦਾ ਫਰਕ ਰਿਹਾ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਵੀ ਹਨ ਕਿ ਕੁਝ ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਪੱਛਮੀ ਹਲਕੇ ਵਿਚ 42837 ਵੋਟਾਂ ਹਾਸਲ ਹੋਈਆਂ ਪਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਭਾਜਪਾ ਦੇ ਅੰਗੁਰਾਲ ਸਿਰਫ 17921 ਵੋਟਾਂ 'ਤੇ ਹੀ ਸੂੰਗੜ ਕੇ ਰਹਿ ਗਏ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਭਾਜਪਾ ਨੇ ਨਹੀਂ ਦਿਖਾਈ ਚੋਣ ਪ੍ਰਚਾਰ ਵਿਚ ਦਿਲਚਸਪੀ

ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਇਸ ਚੋਣ ਵਿਚ ਪੂਰੀ ਤਾਕਤ ਝੋਖੀ ਹੋਈ ਸੀ, ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਜ਼ਮੀਨੀ ਪੱਧਰ 'ਤੇ ਡਟੇ ਰਹੇ, ਇਥੋਂ ਤਕ ਸਮੁੱਚੀ ਕੈਬਨਿਟ ਨੇ ਗਲੀ-ਗਲੀ ਜਾ ਕੇ ਮੋਹਿੰਦਰ ਭਗਤ ਲਈ ਪ੍ਰਚਾਰ ਕੀਤਾ ਪਰ ਦੂਜੇ ਪਾਸੇ ਭਾਜਪਾ ਨੇ ਸ਼ੀਤਲ ਦੇ ਪ੍ਰਚਾਰ ਲਈ ਚੋਟੀ ਦੇ 38 ਸਟਾਰ ਪ੍ਰਚਾਰਕਾਂ ਦੀ ਸੂਚੀ ਤਾਂ ਜਾਰੀ ਕੀਤੀ ਪਰ ਸੁਨੀਲ ਜਾਖੜ, ਪ੍ਰੀਤੀ ਸਪਰੂ, ਭੋਜਪੁਰੀ ਐਕਟਰ ਦਿਨੇਸ਼ ਲਾਲ ਯਾਦਵ ਉਰਫ ਨਿਰਹੁਆ, ਹੌਬੀ ਧਾਲੀਵਾਲ ਤੋਂ ਇਲਾਵਾ ਕੋਈ ਵੀ ਸਟਾਰ ਪ੍ਰਚਾਰਕ ਜ਼ਮੀਨੀ ਪੱਧਰ 'ਤੇ ਪ੍ਰਚਾਰ ਕਰਦਾ ਨਜ਼ਰ ਨਹੀਂ ਆਇਆ। ਚੋਣ ਜ਼ਾਬਤੇ ਦੌਰਾਨ ਹੇਮਾ ਮਾਲਿਨੀ ਨੇ ਜਲੰਧਰ ਦਾ ਗੇੜਾ ਜ਼ਰੂਰ ਮਾਰਿਆ ਪਰ ਇਕ ਉਦਘਾਟਨੀ ਸਮਾਗਮ ਤੋਂ ਬਾਅਦ ਬਿਨਾਂ ਕੋਈ ਸਿਆਸੀ ਬਿਆਨ ਦਿੱਤੇ ਉਹ ਵੀ ਤੁਰਦੇ ਬਣੇ। ਹਾਲਾਂਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੋਂ ਇਲਾਵਾ ਜਲੰਧਰ ਦੀ ਲੋਕਲ ਭਾਜਪਾ ਲੀਡਰਸ਼ਿਪ ਨੇ ਜ਼ਮੀਨੀ ਪੱਧਰ 'ਤੇ ਚੋਣ ਪ੍ਰਚਾਰ ਤਾਂ ਕੀਤਾ ਪਰ ਦਿੱਗਜਾਂ ਦੀ ਘਾਟ ਦਾ ਖਮਿਆਜ਼ਾ ਭਾਜਪਾ ਨੂੰ ਨਤੀਜਿਆਂ ਵਿਚ ਭੁਗਤਨਾ ਪਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਡਿਪੂ ਹੋਲਡਰਾਂ ਲਈ ਚੰਗੀ ਖ਼ਬਰ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਕੌਣ-ਕੌਣ ਸੀ ਸਟਾਰ ਪ੍ਰਚਾਰਕ

ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ 38 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਸੀ। ਇਨ੍ਹਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸੁਨੀਲ ਜਾਖੜ, ਨਾਇਬ ਸਿੰਘ ਸੈਣੀ, ਸੌਦਨ ਸਿੰਘ, ਤਰੁਣ ਚੁੱਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਰਾਮ ਮੇਘਵਾਲ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਨੁਰਾਗ ਠਾਕੁਰ, ਸੋਮ ਪ੍ਰਕਾਸ਼, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਨਰਿੰਦਰ ਸਿੰਘ ਰੈਣਾ, ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਦਾਕਾਰਾ ਅਤੇ ਭਾਜਪਾ ਆਗੂ ਹੇਮਾ ਮਾਲਿਨੀ, ਚਰਨਜੀਤ ਸਿੰਘ ਅਟਵਾਲ, ਅਸ਼ਵਨੀ ਸ਼ਰਮਾ ਤੇ ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ, ਮਨਜਿੰਦਰ ਸਿੰਘ ਸਿਰਸਾ, ਭੋਜਪੁਰੀ ਗਾਇਕ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ, ਸ਼ਵੇਤ ਮਲਿਕ, ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਮਨਪ੍ਰੀਤ ਸਿੰਘ ਬਾਦਲ, ਫਤਹਿਜੰਗ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਰਵੀ ਕਿਸ਼ਨ, ਭੋਜਪੁਰੀ ਐਕਟਰ ਦਿਨੇਸ਼ ਲਾਲ ਯਾਦਵ ਉਰਫ ਨਿਰਹੁਆ, ਭਾਜਪਾ ਆਗੂ ਅਤੇ ਅਦਾਕਾਰਾ ਪ੍ਰੀਤੀ ਸਪਰੂ, ਮੰਤਰੀ ਸ਼੍ਰੀਨਿਵਾਸੁਲੂ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਅਨਿਲ ਸਰੀਨ, ਜਗਮੋਹਨ ਸਿੰਘ ਰਾਜੂ, ਪਰਮਿੰਦਰ ਸਿੰਘ ਬਰਾੜ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਸ਼ੀਲ ਰਿੰਕੂ ਦੇ ਨਾਂ ਸ਼ਾਮਲ ਸੀ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਹਾਰਣ ਤੋਂ ਬਾਅਦ ਚਿੱਕੜ 'ਚ ਲਿਟ ਗਿਆ ਨੀਟੂ ਸ਼ਟਰਾਂ ਵਾਲਾ, ਦੇਖੋ ਵੀਡੀਓ

ਦਲਬਦਲੀ ਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਵੀ ਬਣੇ ਹਾਰ ਦਾ ਕਾਰਣ

2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੀਤਲ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਸਨ ਜਿਸ ਵਿਚ ਉਨ੍ਹਾਂ ਨੇ ਉਸ ਸਮੇਂ ਕਾਂਗਰਸ ਦੇ ਸੁਸ਼ੀਲ ਰਿੰਕੂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਿੰਕੂ ਅਤੇ ਸ਼ੀਤਲ ਅੰਗੁਰਾਲ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਸ਼ੀਤਲ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਇਸ ਕਾਰਣ ਵੀ ਹਲਕੇ ਦੇ ਲੋਕਾਂ ਵਿਚ ਕਾਫੀ ਰੋਸ ਸੀ। ਇਸ ਤੋਂ ਇਲਾਵਾ ਵਿਰੋਧੀਆਂ ਵੱਲੋਂ ਸ਼ੀਤਲ 'ਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਲੱਗਦੇ ਰਹੇ ਦੋਸ਼ ਵੀ ਹਾਰ ਦਾ ਕਾਰਣ ਮੰਨੇ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News