ਪਾਤੜਾਂ ਪੁਲਸ ਦੀ ਵੱਡੀ ਕਾਰਵਾਈ: ਹਰਮਨ ਨਗਰ ''ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ''ਅੰਬਰਸਰਨੀ'' ਸਣੇ 3 ਕਾਬੂ
Saturday, Jul 04, 2026 - 07:22 AM (IST)
ਪਾਤੜਾਂ (ਸੁਖਦੀਪ ਸਿੰਘ ਮਾਨ) : ਮਾੜੇ ਅਨਸਰਾਂ ਅਤੇ ਗੈਰ-ਕਾਨੂੰਨੀ ਧੰਦਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਾਤੜਾਂ ਪੁਲਸ ਨੂੰ ਉਸ ਸਮੇਂ ਇੱਕ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੁਲਸ ਨੇ ਸ਼ਹਿਰ ਦੇ ਹਰਮਨ ਨਗਰ ਸਥਿਤ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਇਸ ਸਬੰਧੀ 2 ਔਰਤਾਂ ਸਮੇਤ ਇਕ ਵਿਅਕਤੀ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਪਾਤੜਾਂ ਦੇ ਮੁੱਖ ਅਫ਼ਸਰ ਜਸਵਿੰਦਰ ਸਿੰਘ ਖੋਖਰ ਨੂੰ ਗਸ਼ਤ ਦੌਰਾਨ ਇੱਕ ਵਿਸ਼ੇਸ਼ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਲਵਪ੍ਰੀਤ ਕੌਰ ਉਰਫ਼ ਨਵੂ ਉਰਫ਼ ਅੰਬਰਸਰਨੀ ਨਿਵਾਸੀ ਚੁਨਗਰਾ ਮਾਰਗ, ਹਰਮਨ ਨਗਰ, ਪਾਤੜਾਂ ਆਪਣੇ ਮਕਾਨ ਵਿੱਚ ਬਾਹਰੋਂ ਲੜਕੀਆਂ ਅਤੇ ਮਰਦਾਂ ਨੂੰ ਬੁਲਾ ਕੇ ਸ਼ਰੇਆਮ ਦੇਹ ਵਪਾਰ ਦਾ ਕਾਲਾ ਧੰਦਾ ਚਲਾਉਂਦੀ ਹੈ। ਇਸ ਗੈਰ-ਕਾਨੂੰਨੀ ਕੰਮ ਕਾਰਨ ਇਲਾਕੇ ਦੇ ਸ਼ਰੀਫ਼ ਲੋਕਾਂ ਅਤੇ ਪਰਿਵਾਰਾਂ ਦਾ ਉੱਥੋਂ ਲੰਘਣਾ-ਬਹਿਣਾ ਵੀ ਦੁਸ਼ਵਾਰ ਹੋਇਆ ਪਿਆ ਸੀ। ਪੁਲਸ ਨੇ ਮੁਖ਼ਬਰੀ ਨੂੰ ਪੁਖ਼ਤਾ ਮੰਨਦਿਆਂ ਤੁਰੰਤ ਕਾਰਵਾਈ ਕਰਦਿਆਂ ਉਕਤ ਮਹਿਲਾ ਅਤੇ ਉਸਦੇ ਸਾਥੀਆਂ ਖ਼ਿਲਾਫ਼ ਅਨੈਤਿਕ ਤਸਕਰੀ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਬੀਤੇ ਕੱਲ੍ਹ ਗਿਰਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਚੱਲ ਰਹੀ ਹਲਚਲ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੁਲਸ ਰਿਮਾਂਡ ਹਾਸਲ ਕਰਨ ਲਈ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਕੋਲੋਂ ਰਿਮਾਂਡ ਹਾਸਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਦੌਰਾਨ ਇਸ ਗੰਦੇ ਧੰਦੇ ਵਿੱਚ ਸ਼ਾਮਲ ਹੋਰ ਜਿਹੜੇ ਵੀ ਵਿਅਕਤੀਆਂ ਦੇ ਨਾਮ ਸਾਹਮਣੇ ਆਉਣਗੇ, ਉਨ੍ਹਾਂ ਨੂੰ ਵੀ ਇਸੇ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਵੀ ਅਮਲ ਵਿੱਚ ਲਿਆਂਦੀਆਂ ਜਾਣਗੀਆਂ। ਪੁਲਸ ਵੱਲੋਂ ਇਸ ਮਾਮਲੇ ਦੀ ਪਰਤ ਦਰ ਪਰਤ ਜਾਂਚ ਕੀਤੀ ਜਾ ਰਹੀ ਹੈ।
ਮਾਲਿਸ਼ ਕੇਂਦਰਾਂ, ਹੋਟਲਾਂ ਤੇ ਰੈਸਟੋਰੈਂਟਾਂ 'ਤੇ ਰਹੇਗੀ ਤਿੱਖੀ ਨਜ਼ਰ : ਖੋਖਰ
ਥਾਣਾ ਮੁਖੀ ਖੋਖਰ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਅੰਦਰ ਮਾਲਿਸ਼ ਕੇਂਦਰਾਂ ਦੀ ਆੜ ਵਿੱਚ ਚੱਲ ਰਹੇ ਅਜਿਹੇ ਗੈਰ-ਕਾਨੂੰਨੀ ਧੰਦੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਹਮੇਸ਼ਾ ਲਈ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਸ਼ਹਿਰ ਦੇ ਵਿਸ਼ੇਸ਼ ਸਥਾਨਾਂ, ਸ਼ੱਕੀ ਹੋਟਲਾਂ, ਰੈਸਟੋਰੈਂਟਾਂ ਅਤੇ ਮਾਲਿਸ਼ ਕੇਂਦਰਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜਿੱਥੇ ਵੀ ਪੁਲਸ ਨੂੰ ਮਾੜੀ ਜਿਹੀ ਵੀ ਸ਼ੰਕਾ ਹੁੰਦੀ ਹੈ, ਉੱਥੇ ਤੁਰੰਤ ਛਾਪੇਮਾਰੀ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਅਮਨ-ਕਾਨੂੰਨ ਅਤੇ ਸਮਾਜਿਕ ਮਾਹੌਲ ਨੂੰ ਖ਼ਰਾਬ ਕਰਨ ਵਾਲੇ ਕਿਸੇ ਵੀ ਗ੍ਰੋਹ ਜਾਂ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : 45 ਦਿਨ ਬਾਅਦ ਫ਼ਰਸ਼ ਪੁੱਟ ਕੇ ਕੱਢੀ ਪਤੀ ਦੀ ਲਾਸ਼! ਸੋਨਮ ਰਘੂਵੰਸ਼ੀ ਤੇ ਸਿਆ ਕਾਂਡ ਵਰਗਾ ਇਕ ਹੋਰ ਖ਼ੌਫ਼ਨਾਕ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
