ਬਠਿੰਡਾ ਕੇਂਦਰੀ ਜੇਲ੍ਹ 'ਚੋਂ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਜੇਲ੍ਹ ਵਾਰਡਨ ਖ਼ਿਲਾਫ਼ ਵੱਡਾ ਐਕਸ਼ਨ

Sunday, Apr 30, 2023 - 08:32 AM (IST)

ਬਠਿੰਡਾ ਕੇਂਦਰੀ ਜੇਲ੍ਹ 'ਚੋਂ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਜੇਲ੍ਹ ਵਾਰਡਨ ਖ਼ਿਲਾਫ਼ ਵੱਡਾ ਐਕਸ਼ਨ

ਬਠਿੰਡਾ (ਸੁਖਵਿੰਦਰ)- ਕੁਝ ਸਮਾਂ ਪਹਿਲਾਂ ਬਠਿੰਡਾ ਕੇਂਦਰੀ ਜੇਲ੍ਹ ’ਚੋਂ ਵੀਡੀਓ ਵਾਇਰਲ ਕਰਨ ਵਾਲੇ ਕੈਦੀਆਂ ਤੋਂ ਪੁੱਛ-ਪੜਤਾਲ ਕਰਦਿਆਂ ਪੁਲਸ ਨੇ ਇਕ ਜੇਲ੍ਹ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਪੈਸੇ ਲੈ ਕੇ ਜੇਲ੍ਹ ’ਚ ਮੋਬਾਇਲ ਫ਼ੋਨ ਭੇਜਣ ਦਾ ਦੋਸ਼ ਹੈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਕੈਦੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਭੇਜਿਆ ਗਿਆ ਸੀ, ਜਿੱਥੋਂ ਬਠਿੰਡਾ ਪੁਲਸ ਉਨ੍ਹਾਂ ਨੂੰ 16 ਅਪ੍ਰੈਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲੈ ਕੇ ਆਈ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਵੀਡੀਓ ਬਣਾਉਣ ਵਾਲੀ ਘਟਨਾ ਸਬੰਧੀ ਪੂਰੀ ਤਫ਼ਤੀਸ਼ ਕੀਤੀ ਜਾ ਸਕੇ। ਹੁਣ ਪਤਾ ਲੱਗਾ ਹੈ ਕਿ ਉਕਤ ਮਾਮਲੇ ’ਚ ਪੁਲਸ ਨੇ ਇਕ ਜੇਲ੍ਹ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਫੋਨ ਸਪਲਾਈ ਕਰਨ ਬਦਲੇ 20 ਹਜ਼ਾਰ ਰੁਪਏ ਲੈਣ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ 'ਚ ਵੀਡੀਓ ਬਣਾ ਵਾਇਰਲ ਕਰਨ ਵਾਲੇ ਕੈਦੀਆਂ 'ਤੇ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੀ ਹਾਈ ਸਕਿਓਰਿਟੀ ਸੈਂਟਰਲ ਜੇਲ੍ਹ ’ਚੋਂ ਇਕ ਦਰਜਨ ਤੋਂ ਵੱਧ ਕੈਦੀਆਂ ਦੀ ਇਕ ਵੀਡੀਓ ਵਾਇਰਲ ਹੋਣ ਤੇ ਜੇਲ ’ਚ ਵਿਕਣ ਵਾਲੇ ਨਸ਼ੇ ਅਤੇ ਮੋਬਾਇਲ ਫੋਨਾਂ ਬਾਰੇ ਵੱਡਾ ਖੁਲਾਸਾ ਹੋਇਆ ਸੀ, ਜਿਸ ’ਚ ਉਨ੍ਹਾਂ ਨੇ ਕਈ ਅਧਿਕਾਰੀਆਂ ’ਤੇ ਦੋਸ਼ ਵੀ ਲਾਏ ਸਨ। ਇਸ ਸਬੰਧੀ ਜੇਲ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਸਬੰਧੀ ਪੁਲਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਸ. ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਉਕਤ ਜੇਲ ਵਾਰਡਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News