ਮਜੀਠੀਆ ਨੇ ਪੰਜਾਬ ਨੂੰ ਦਿੱਲੀ ਦੇ ''ਰਿਮੋਟ ਕੰਟਰੋਲ'' ਤੋਂ ਮੁਕਤ ਕਰਵਾਉਣ ਦਾ ਦਿੱਤਾ ਸੱਦਾ
Thursday, Mar 12, 2026 - 02:04 PM (IST)
ਬਾਘਾਪੁਰਾਣਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਬਾਘਾਪੁਰਾਣਾ ਵਿੱਚ ਹੋਈ “ਪੰਜਾਬ ਬਚਾਓ” ਰੈਲੀ ਦੌਰਾਨ ਜਨਤਾ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਨੂੰ ਬਚਾਉਣ ਲਈ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ । ਇਸ ਦੌਰਾਨ ਮਜੀਠੀਆ ਨੇ ਹਾਲ ਹੀ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਚੋਣਾਂ ਵਿੱਚ ਹਰ ਕਿਸਮ ਦਾ ਧੱਕਾ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ।
ਬਜਟ ਸੈਸ਼ਨ ਨੂੰ ਲੈ ਕੇ ਬੋਲੇ ਮਜੀਠੀਆ
ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਇਹ ਸਭ ਤੋਂ ਅਹਿਮ ਇਜਲਾਸ ਹੁੰਦਾ ਹੈ ਜਿੱਥੇ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ਼ 'ਤੂੰ-ਤੂੰ ਮੈਂ-ਮੈਂ' ਵਿੱਚ ਸਮਾਂ ਵਿਅਰਥ ਕਰ ਰਹੀ ਹੈ ਅਤੇ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵਿਧਾਇਕਾਂ ਰਾਹੀਂ ਜਾਣਬੁੱਝ ਕੇ ਰੌਲਾ ਪਵਾਇਆ ਜਾ ਰਿਹਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਦੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਸੈਸ਼ਨ 'ਚ ਬੋਲਣ ਦਾ ਮੌਕਾ ਦਿੱਤਾ ਜਾਂਦਾ ਸੀ।
ਮੁੱਖ ਮੰਤਰੀ ਦੀ ਸ਼ਬਦਾਵਲੀ ਅਤੇ ਨਿੱਜੀ ਹਮਲੇ
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਵੀ ਮੁੱਖ ਮੰਤਰੀ ਨੇ ਇਤਿਹਾਸ ਵਿੱਚ ਧੀਆਂ-ਭੈਣਾਂ ਬਾਰੇ ਅਜਿਹੀ ਭਾਸ਼ਾ ਨਹੀਂ ਵਰਤੀ ਸੀ। ਉਨ੍ਹਾਂ ਮੁੱਖ ਮੰਤਰੀ ਦੀਆਂ ਨਿੱਜੀ ਆਦਤਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਰਗੇ ਸੂਬੇ ਦਾ ਸਟੇਅਰਿੰਗ ਇੱਕ ਅਜਿਹੇ ਇਨਸਾਨ ਦੇ ਹੱਥ ਦੇਣਾ ਖ਼ਤਰਨਾਕ ਹੈ ਜੋ ਗੰਭੀਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿੱਚ ਪਏ ਹਨ ਅਤੇ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ।
ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦਾ ਮੁੱਦਾ
ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਹਾਲਤ 'ਤੇ ਬੋਲਦਿਆਂ ਉਨ੍ਹਾਂ ਝੂਠੇ ਮੁਕਾਬਲਿਆਂ (ਫੇਕ ਇਨਕਾਊਂਟਰ) ਅਤੇ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਦਾ ਜ਼ਿਕਰ ਕੀਤਾ । ਉਨ੍ਹਾਂ ਦਾਅਵਾ ਕੀਤਾ ਕਿ ਖੇਮਕਰਨ ਹਲਕੇ ਵਿੱਚ ਇੱਕ ਸਰਪੰਚ 18 ਕਿਲੋ ਹੈਰੋਇਨ ਨਾਲ ਫੜਿਆ ਗਿਆ ਹੈ ਜੋ ਸਰਕਾਰੀ ਧਿਰ ਨਾਲ ਨੇੜਤਾ ਰੱਖਦਾ ਸੀ। ਮਜੀਠੀਆ ਨੇ ਕਿਹਾ ਕਿ ਪੰਜਾਬ ਅੱਜ 5 ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ ਅਤੇ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ। ਉਨ੍ਹਾਂ ਮੁਲਾਜ਼ਮਾਂ ਦੇ ਹੱਕਾਂ ਬਾਰੇ ਬੋਲਦਿਆਂ ਕਿਹਾ ਕਿ ਬਾਦਲ ਸਾਹਿਬ ਦੇ ਸਮੇਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਸ਼ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਅਤੇ ਸਮੇਂ ਸਿਰ ਡੀ.ਏ. (DA) ਮਿਲਦਾ ਸੀ, ਜਦਕਿ ਅੱਜ ਮੁਲਾਜ਼ਮਾਂ ਅਤੇ ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾ ਰਹੀਆਂ ਹਨ, ਕਿਸੇ ਦੀ ਪੱਗ ਰੋਲੀ ਜਾ ਰਹੀ ਹੈ । ਉਨ੍ਹਾਂ ਪੱਕੇ ਡੀ.ਜੀ.ਪੀ. ਦੀ ਨਿਯੁਕਤੀ ਨਾ ਕਰਨ 'ਤੇ ਵੀ ਸਰਕਾਰ ਨੂੰ ਘੇਰਿਆ। ਅਖੀਰ ਵਿੱਚ ਉਨ੍ਹਾਂ ਲੋਕਾਂ ਨੂੰ ਜਾਗਰੂਕ ਹੋਣ ਅਤੇ 2027 ਵਿੱਚ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਮਜੀਠੀਆ ਨੇ ਮੌਜੂਦਾ ਡੀ.ਜੀ.ਪੀ. ਨੂੰ 'ਕੱਚਾ' ਡੀ.ਜੀ.ਪੀ. ਕਹਿੰਦਿਆਂ ਸਵਾਲ ਕੀਤਾ ਹੈ ਕਿ ਪੰਜਾਬ ਵਿੱਚ ਪੱਕਾ ਡੀ.ਜੀ.ਪੀ. ਕਿਉਂ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਅਨੁਸਾਰ, ਕੱਚੇ ਡੀ.ਜੀ.ਪੀ. ਨੂੰ ਸੂਬੇ ਦੀ ਕਾਨੂੰਨ ਵਿਵਸਥਾ (ਲਾਅ ਐਂਡ ਆਰਡਰ) ਨਾਲੋਂ ਆਪਣੀ ਕੁਰਸੀ ਬਚਾਉਣ ਦੀ ਜ਼ਿਆਦਾ ਚਿੰਤਾ ਰਹਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੱਕਾ ਡੀ.ਜੀ.ਪੀ. ਲਗਾਉਣ ਦੀ ਗੱਲ ਕਹੀ ਹੈ, ਪਰ ਸਰਕਾਰ ਅਜਿਹਾ ਨਹੀਂ ਕਰ ਰਹੀ। ਮਜੀਠੀਆ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੱਕਾ ਡੀ.ਜੀ.ਪੀ. ਇਸ ਲਈ ਨਹੀਂ ਲਗਾ ਰਹੀ ਕਿਉਂਕਿ ਜੇਕਰ ਕੋਈ ਪੱਕਾ ਅਫਸਰ ਲੱਗ ਗਿਆ ਤਾਂ ਉਹ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਚੱਲਣ ਦੀ ਬਜਾਏ ਸੰਵਿਧਾਨ ਅਤੇ ਕਾਨੂੰਨ ਲਾਗੂ ਕਰੇਗਾ।
ਮਜਬੂਤ ਬਨਾਮ ਮਜਬੂਰ ਡੀ.ਜੀ.ਪੀ.: ਮੌਜੂਦਾ ਡੀ.ਜੀ.ਪੀ. ਗੌਰਵ ਯਾਦਵ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ 'ਮਜਬੂਰ' ਨਹੀਂ ਬਲਕਿ 'ਮਜਬੂਤ' ਡੀ.ਜੀ.ਪੀ. ਚਾਹੀਦਾ ਹੈ। ਡੀ.ਏ. (DA) ਅਤੇ ਭੱਤਿਆਂ ਦਾ ਮੁੱਦਾ: ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚੀਫ਼ ਸੈਕਟਰੀ ਜਾਂ ਕੱਚੇ ਡੀ.ਜੀ.ਪੀ. ਨੂੰ ਡੀ.ਏ. (DA) ਮਿਲ ਸਕਦਾ ਹੈ, ਤਾਂ ਪੰਜਾਬ ਦੇ ਕਾਂਸਟੇਬਲ ਜਾਂ ਹਵਲਦਾਰ ਨੂੰ ਵੀ ਉਸੇ ਹਿਸਾਬ ਨਾਲ ਭੱਤੇ ਮਿਲਣੇ ਚਾਹੀਦੇ ਹਨ । ਉਨ੍ਹਾਂ ਬਾਦਲ ਸਰਕਾਰ ਦੇ ਸਮੇਂ ਦਾ ਹਵਾਲਾ ਦਿੱਤਾ ਕਿ ਉਦੋਂ ਵੱਡੇ ਅਫਸਰਾਂ ਅਤੇ ਹੇਠਲੇ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਅਜਿਹਾ ਵਿਤਕਰਾ ਨਹੀਂ ਸੀ ਹੁੰਦਾ।
