ਸਿੱਖ ਸਾਹਿਤ ਵਿਸ਼ੇਸ਼-3 : ਕਿਉਂ ਕਿਹਾ ਜਾਂਦਾ ਹੈ 'ਮਾਝੇ ਦਾ ਜਰਨੈਲ'
Monday, Apr 27, 2020 - 03:44 PM (IST)
ਜਗਬਾਣੀ ਸਿੱਖ ਸਾਹਿਤ - 3
ਅਵਤਾਰ ਸਿੰਘ ਆਨੰਦ
‘ਮਾਝੇ ਦਾ ਜਰਨੈਲ' ਇਕ ਬੜਾ ਪ੍ਰਚਲਿਤ ਸ਼ਬਦ ਹੈ, ਜਿਸ ਨੂੰ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਪਰ ਇਸ ਦਾ ਮਤਲਬ ਕੀ ਹੈ ਅਤੇ ਕਿਉਂ ਕਿਹਾ ਜਾਂਦਾ ਹੈ ‘ਮਾਝੇ ਦਾ ਜਰਨੈਲ’। ਇਸ ਬਾਰੇ ਅਸੀਂ ਇਕ ਲੇਖ ਰਾਹੀਂ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦਾ ਸਿੱਧਾ ਸਬੰਧ ਸਾਡੇ ਪੁਰਾਣੇ ਜਰਨੈਲਾਂ ਨਾਲ ਜੁੜਿਆ ਹੋਇਆ ਹੈ ਨਾ ਕਿ ਅੱਜ ਦੇ ਸਿਆਸੀ ਜਰਨੈਲਾਂ ਨਾਲ।
18ਵੀਂ ਸਦੀ ਵਿਚ ਭਾਰਤ ਅਰਾਜਕਤਾ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗਲ ਸਲਤਨਤ ਨੂੰ ਝੰਝੋੜ ਕੇ ਰੱਖ ਦਿੱਤਾ । ਮੁਗਲ ਹਕੂਮਤ ਤਕਰੀਬਨ ਖਤਮ ਹੋਣ ਦੇ ਕਿਨਾਰੇ ਸੀ। ਪੰਜਾਬ ਦੀ ਧਰਤੀ ਉਪਜਾਊ ਅਤੇ ਅਮੀਰ ਵੀ ਸੀ, ਜਿਸਦੇ ਕਰਕੇ ਕਈਆਂ ਦੀ ਨਜ਼ਰ ਇਸ ਉਤੇ ਟਿਕੀ ਹੋਈ ਸੀ। ਇਕ ਪਾਸੇ ਮੁਸਲਮਾਨ ਸ਼ਾਸ਼ਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਣ ਲਈ ਤੜਪ ਰਹੇ ਸਨ ਅਤੇ ਦੂਜੇ ਪਾਸੇ ਅਫਗਾਨੀ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰੇ ਇਸ ਨੂੰ ਆਪਣੇ ਰਾਜ ਵਿਚ ਮਿਲਾਉਣ ਦੀ ਚਾਹਤ ਰੱਖਦੇ ਸੀ।
ਪਸ਼ਤੂਨ ਨੇਤਾ, ਅਹਿਮਦ ਸ਼ਾਹ ਅਬਦਾਲੀ ਦੇ ਅਧੀਨ ਅਫਗਾਨ ਘੁਸਪੈਠ ਕਾਰਨ 18ਵੀਂ ਸਦੀ ਦੇ ਦੂਜੇ ਅੱਧ ਵਿਚ ਮੁਗਲ ਸਲਤਨਤ ਦੇ ਕਮਜ਼ੋਰ ਪੈਣ ਨਾਲ ਭਾਰਤ ਦੇ ਉੱਤਰ ਵਿਚ ਸਿੱਖ ਪ੍ਰਭਾਵ ਵਿਚ ਵਾਧਾ ਹੋਇਆ। ਮਲੇਰਕੋਟਲਾ ਵਿਚ ਮੁਗਲ ਫੌਜਾਂ ਦੇ ਵਿਰੁੱਧ ਸਿੰਘਾਂ ਦੇ ਯੂਨਿਟ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਾਈ ਲੜੀ ਸੀ। ਕਰੋੜਾਂ ਸਿੰਘ ਮਿਸਲ ਨੇ ਅੰਬਾਲਾ, ਕਰਨਾਲ, ਥਾਨੇਸਰ ਅਤੇ ਹਿਸਾਰ ਜਿੱਤ ਲਏ। ਸਿੰਘਾਂ ਨੇ ਜਲੰਧਰ ਦੋਆਬ ਦੇ ਹਿੱਸੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਵਿਖੇ ਆਪਣਾ ਹੈਡਕੁਆਰਟਰ ਬਣਾ ਲਿਆ।
ਸਿੱਖਾਂ ਦੀ 1764 ਵਿਚ ਸਰਹਿੰਦ ਉੱਤੇ ਜਿੱਤ ਤੋਂ ਥੋੜ੍ਹੀ ਦੇਰ ਬਾਅਦ, ਸਿੰਘਾਂ ਨੇ ਆਪਣੇ ਸ਼ਾਸਨ ਨੂੰ ਕਰਨਾਲ ਤੋਂ ਅੱਗੇ ਵਧ ਕੇ ਛੱਲੌੜੀ ਸਮੇਤ ਕਈ ਪਿੰਡਾਂ ਉੱਤੇ ਕਬਜ਼ਾ ਕਰ ਲਿਆ, ਜਿਥੇ ਉਸ ਨੇ ਨਵਾਂ ਹੈਡਕੁਆਰਟਰ ਬਣਾ ਲਿਆ। ਸਿੰਘ ਨੇ ਮੇਰਠ, ਸਰਰਨਪੁਰ, ਸ਼ਾਹਦਰਾ ਅਤੇ ਅਵਧ ਸਮੇਤ ਸਿਸ-ਸਤਲੁਜ ਰਾਜਾਂ ਵਿਚ ਆਪਣਾ ਖੇਤਰ ਵਧਾ ਦਿੱਤਾ।
ਇਧਰ ਅਹਿਮਦ ਸ਼ਾਹ ਅਬਦਾਲੀ ਨੇ ਪਾਨੀਪਤ ਦੀ ਜਿੱਤ ਪਿੱਛੋਂ ਆਲਮਗੀਰ ਦੂਜੇ ਨੂੰ ਦਿੱਲੀ ਦਾ ਬਾਦਸ਼ਾਹ ਬਣਾਇਆ ਤੇ 20 ਮਾਰਚ 1761 ਨੂੰ ਦਿੱਲ੍ਹੀ ਤੋਂ ਤੁਰ ਪਿਆ। 29 ਮਾਰਚ ਨੂੰ ਉਹ ਸਰਹਿੰਦ ਪਹੁੰਚਿਆ। ਜੈਨ ਖਾਂ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ ਤੇ ਰਸਤੇ ਵਿਚ ਲੁੱਟ-ਮਾਰ ਕਰਦਾ ਹੋਇਆ ਪੰਜਾਬ ਵੱਲ ਤੁਰ ਪਿਆ। ਉਸਦੀ ਫੌਜ ਲੁੱਟ ਦੇ ਮਾਲ ਨਾਲ ਲੱਦੀ ਹੋਈ ਸੀ। ਕਿਸੇ ਵੀ ਘਰ ਵਿਚ ਸਾਰੇ ਸਾਮਾਨ ਦੇ ਨਾਲ-ਨਾਲ ਖੱਚਰ, ਘੋੜਾ ਜਾਂ ਊਠ ਨਹੀਂ ਸੀ ਛੱਡਿਆ ਗਿਆ। ਸਾਰਿਆਂ ਉੱਤੇ ਲੁੱਟ ਦਾ ਮਾਲ ਲੱਦਿਆ ਹੋਇਆ ਸੀ ਤੇ ਰਸਤੇ ਵਿਚ ਜੇਕਰ ਕੋਈ ਪਿੰਡ ਵਿਚ ਸਿੱਖ ਪਰਿਵਾਰ ਦਿਸਦਾ ਤਾਂ ਉਸ ਨੂੰ ਮੁਸਲਮਾਨ ਬਣਨ ਵਾਸਤੇ ਕਹਿੰਦਾ, ਜੇਕਰ ਉਹ ਨਾ ਮੰਨਦੇ ਤਾਂ ਉਨ੍ਹਾਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਜਾਂਦਾ। ਇਸ ਤਰਾਂ ਗਰੀਬ ਅਤੇ ਹਿੰਦੂ ਵਰਗ ਦੇ ਧੀਆ ਭੈਣਾਂ ਦੀ ਗਿਣਤੀ ਵਧਦੀ ਜਾ ਰਹੀ ਸੀ।
ਕਰਮ ਸਿੰਘ ਹਿਸਟੋਰਿਅਨ ਮੁਤਾਬਕ ਭਾਵੇਂ ਬਰਸਾਤ ਦੇ ਦਿਨ ਨਹੀਂ ਸਨ ਫਿਰ ਵੀ ਮੀਂਹ ਖ਼ੂਬ ਵਰ੍ਹਿਆ ਸੀ, ਜਿਸ ਕਰਕੇ ਸੱਤਲੁਜ ਵਿਚ ਹੜ੍ਹ ਆਇਆ ਹੋਇਆ ਸੀ। ਇਸ ਲਈ ਅਬਦਾਲੀ ਨੂੰ ਉੱਥੇ ਇਕ ਹਫ਼ਤਾ ਰੁਕਣਾ ਪਿਆ। ਸੱਤਲੁਜ ਨੂੰ ਪਾਰ ਕਰਨ ਵਿਚ ਚਾਰ ਦਿਨ ਲੱਗੇ। ਕੁਝ ਕਿਸ਼ਤੀਆਂ ਲਿਆਂਦੀਆਂ ਗਈਆਂ ਤੇ ਕੁਝ ਉਸਦੇ ਆਪਣੇ ਕੈਂਪ ਵਿਚ ਤਿਆਰ ਕੀਤੀਆਂ ਗਈਆਂ। ਹੁਣ ਉਹ ਗੋਇੰਦਵਾਲ ਵੱਲ ਵਧ ਰਿਹਾ ਸੀ, ਜਿੱਥੋਂ ਉਸਨੇ ਬਿਆਸ ਨੂੰ ਪਾਰ ਕਰਨਾ ਸੀ। ਸਾਫ ਅਸਮਾਨ ਵਿਚ ਬੱਦਲ ਤੈਰ ਰਹੇ ਸਨ। ਇਸ ਲਈ ਇਹ ਸ਼ੰਕਾ ਸੀ ਕਿਤੇ ਮੀਂਹ ਮੁੜ ਨਾ ਸ਼ੁਰੂ ਹੋ ਜਾਏ। ਅਬਦਾਲੀ ਨੂੰ ਆਪਣੇ ਮੁਲਕ ਪਹੁੰਚ ਜਾਣ ਦੀ ਕਾਹਲ ਸੀ। ਕਾਹਲ ਅਸਲ ਵਿਚ ਇਸ ਕਰਕੇ ਸੀ ਕਿ ਕਿਤੇ ਬਿਆਸ ਦਰਿਆ ਤੋਂ ਪਾਰਲੇ ਵਾਲੇ ਸਿੱਖ ਉਸ ਦੇ ਲਾਮ ਲਸ਼ਕਰ ਨੂੰ ਲੁੱਟ ਨਾ ਲੈਣ ( ਕਿਉਂਕਿ ਇਸ ਤਰ੍ਹਾਂ ਪਹਿਲਾ ਵੀ ਇਕ ਵਾਰ ਹੋ ਚੁੱਕਾ ਸੀ)। ਕੀਤੇ ਪਾਨੀਪਤ ਦੀ ਜਿੱਤ ਦੀ ਖੁਸ਼ੀ ਨੂੰ ਧੂੜ ਵਿਚ ਨਾ ਮਿਲਾਅ ਦੇਣ।
ਪੜ੍ਹੋ ਇਹ ਸਿੱਖ ਸਾਹਿਤ ਵੀ - ਸਿੱਖ ਸਾਹਿਤ ਵਿਸ਼ੇਸ਼ 2 : ਇਕ ਆਦਰਸ਼ਕ ਜੀਵਨੀ ਭਾਈ ਸਾਹਿਬ ਜਵਾਲਾ ਸਿੰਘ ਜੀ ਰਾਗੀ
ਇਹ ਭੈ ਕਲਪਿਤ ਨਹੀਂ ਇਕ ਯਥਾਰਥ ਸੀ। ਪਹਿਲਾਂ ਨਾਦਰ ਸ਼ਾਹ ਨੂੰ ਅਤੇ ਫਿਰ ਖ਼ੁਦ ਅਹਿਮਦ ਸ਼ਾਹ ਨੂੰ ਵੀ ਹਰ ਹਮਲੇ ਵਿਚ ਸਿੱਖਾਂ ਨੇ ਆਪਣੇ ਕੌਤਕ ਦਿਖਾਏ ਸਨ। ( ਅਹਿਮਦ ਸ਼ਾਹ ਅਬਦਾਲੀ ਨੇ ਸਰਹੰਦ ਦੇ ਜੈਨ ਖਾਨ ਨੂੰ ਤੁਰਨ ਲੱਗਿਆ ਕਿਹਾ ਸੀ ਕਿ ਮੈਨੂੰ ਸਤਲੁਜ ਤੋਂ ਲੈ ਕੇ ਬਿਆਸ ਤੱਕ ਕੋਈ ਰੋਕਣ ਵਾਲਾ ਪੈਦਾ ਨਹੀਂ ਹੋਇਆ ਪਰ ਬਿਆਸ ਤੋਂ ਅੱਗੇ ਜੇਹਲਮ ਤੱਕ ਮਾਝੇ ਵਾਲੇ ਜਰਨੈਲ ਮੇਰੇ ’ਤੇ ਅਚਾਨਕ ਹਮਲਾ ਕਰਕੇ ਮੇਰਾ ਸਾਰਾ ਸਾਮਾਨ ਲੁੱਟ ਖੋਹ ਲੈਂਦੇ ਹਨ)। ਇਸ ਵਾਰ ਜਦੋਂ ਕਰੋੜ ਸਿੰਘ ਮਿਸਲ ਦੇ ਜਰਨੈਲ ਅਮਰ ਸਿੰਘ ਹੁਰਾ ਨੂੰ ਪਤਾ ਲੱਗਾ ਕਿ ਅਬਦਾਲੀ ਸਾਰੀ ਦਿੱਲ੍ਹੀ ਅਤੇ ਪੰਜਾਬ ਨੂੰ ਲੁੱਟ ਕੇ ਆਪਣੇ ਲਾਮ ਲਸ਼ਕਰ ਨਾਲ਼ ਲਾਹੌਰ ਵਲ ਵਧ ਰਿਹਾ ਹੈ ਤਾਂ ਉਨ੍ਹਾਂ ਨੇ ਚੋਖੀ ਤਿਆਰੀ ਕਰ ਲਈ। ਅਬਦਾਲੀ ਦੀ ਫੌਜ ਉੱਤੇ ਹਮਲੇ ਕਰਕੇ ਸਿਰਫ ਉਸਨੂੰ ਲੁੱਟਣਾ ਹੀ ਨਹੀਂ ਸੀ, ਸਗੋਂ ਉਨ੍ਹਾਂ ਔਰਤਾਂ ਤੇ ਮਰਦਾਂ ਨੂੰ ਰਿਹਾਅ ਵੀ ਕਰਵਾਉਣਾ ਸੀ, ਜਿਨ੍ਹਾਂ ਨੂੰ ਉਹ ਕੈਦੀ ਬਣਾ ਕੇ ਲੈ ਜਾ ਰਿਹਾ ਸੀ। ਇਸ ਮੁਹਿੰਮ ਵਿਚ ਸਾਰੀਆਂ ਮਿਸਲਾਂ ਦੇ ਮਿਸਲਦਾਰ ਸ਼ਾਮਲ ਸਨ ਅਤੇ ਉਹ ਗੋਇੰਦਵਾਲ ਤੋਂ ਦਸ ਕੋਹ ਦੇ ਫਾਸਲੇ ਉਪਰ ਜੰਗਲ ਵਿਚ ਘਾਤ ਲਾਈ ਬੈਠੇ ਸਨ। ਦਲ ਸੈਨਾ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ ਗਿਆ ਸੀ। ਇਕ ਭਾਗ ਉਹ ਜਿਹੜਾ ਦੁਰਾਨੀਆਂ ਨਾਲ ਲੜੇਗਾ, ਦੂਜਾ ਭਾਗ ਕੈਦੀਆਂ ਨੂੰ ਮੁਕਤ ਕਰਵਾ ਭਜਾ ਲਿਆਏਗਾ ਤੇ ਤੀਜਾ ਭਾਗ ਮੁਕਤ ਕੈਦੀਆਂ ਨੂੰ ਸੁਰੱਖਿਅਤ ਸਥਾਨ ਉਪਰ ਪਹੁੰਚਾਉਣ ਦਾ ਕੰਮ ਕਰੇਗਾ। ਪਹਿਲੇ ਭਾਗ ਦੀ ਕਮਾਨ ਚੜ੍ਹਤ ਸਿੰਘ ਸ਼ੁਕਰਚਕੀਆ ਨੂੰ ਸੌਂਪੀ ਗਈ, ਦੂਜੇ ਭਾਗ ਦੀ ਕਮਾਨ ਜੈ ਸਿੰਘ ਦੇ ਹੱਥ ਸੀ ਤੇ ਤੀਜੇ ਭਾਗ ਦੀ ਕਮਾਨ ਖ਼ੁਦ ਜੱਸਾ ਸਿੰਘ ਨੇ ਆਪਣੇ ਹੱਥ ਰੱਖੀ ਸੀ। ਜਿਹੜੇ ਭੱਜ ਨਹੀਂ ਸਕਦੇ ਸਨ—ਖਾਸ ਕਰਕੇ ਔਰਤਾਂ,ਬੱਚੇ ਤੇ ਬੁੱਢੇ, ਉਨ੍ਹਾਂ ਲਈ ਛਕੜਿਆਂ, ਘੋੜਿਆਂ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
ਚੜ੍ਹਤ ਸਿੰਘ ਅਤੇ ਜੈ ਸਿੰਘ ਆਪੋ-ਆਪਣੀ ਮਿਸਲ ਦੇ ਜਥੇਦਾਰ ਸਨ ਅਤੇ ਜੱਸਾ ਸਿੰਘ ਆਪਣੀ ਮਿਸਲ ਦਾ ਜੱਥੇਦਾਰ ਹੋਣ ਦੇ ਨਾਲ-ਨਾਲ ਦਲ-ਖਾਲਸਾ ਦਾ ਜਥੇਦਾਰ ਵੀ ਸੀ। ਮੁਹਿੰਮ ਦੀ ਸਫਲਤਾ ਅਸਫਲਤਾ ਦੀ ਪੂਰੀ ਜ਼ਿਮੇਂਵਾਰੀ ਉਸ ਉਪਰ ਸੀ। 1748 ਵਿਚ ਜਦੋਂ ਦਲ-ਖਾਲਸਾ ਦੀ ਸਥਾਪਨਾ ਹੋਈ ਸੀ ਤਾਂ ਨਵਾਬ ਕਪੂਰ ਸਿੰਘ ਨੇ ਉਸ ਨੂੰ ਆਪਣਾ ਉਤਰ ਅਧਿਕਾਰੀ ਬਣਾਉਂਦਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸੌਂਪਦਿਆਂ ਹੋਇਆਂ ਕਿਹਾ ਸੀ-
“ਜੱਸਾ ਸਿੰਘਾ, ਹੁਣ ਤੂੰ ਪੰਥ ਦਾ ਸਰਦਾਰ ਏ। ਪੰਥ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝੀ। ਗੁਰੂ ਦੇ ਇਸ ਵਾਕ ਨੂੰ ਹਮੇਸ਼ਾ ਚੇਤੇ ਰੱਖੀਂ 'ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ'। ਜੋ ਕੁਝ ਹੈ ਸਭ ਕੁਝ ਪੰਥ ਦਾ ਹੈ’’।
ਹੁਣ ਤਕ ਖਾਲਸਾ ਨੇ ਵਾਪਸ ਪਰਤ ਰਹੇ ਦੁਰਾਨੀ ਨੂੰ ਸਿਰਫ ਲੁੱਟਿਆ ਹੀ ਸੀ। ਇਸ ਵਿਚ ਸ਼ੱਕ ਨਹੀਂ ਕਿ ਉਸਨੂੰ ਲੁੱਟ ਲੈਣਾ ਕੋਈ ਖੇਡ ਨਹੀਂ ਸੀ ਪਰ ਕੈਦੀਆਂ ਨੂੰ ਮੁਕਤ ਕਰਵਾਉਣਾ ਤਾਂ ਲੁੱਟ ਲੈਣ ਨਾਲੋਂ ਵੱਧ ਔਖਾ ਕੰਮ ਸੀ। ਜੱਸਾ ਸਿੰਘ ਨੂੰ ਹਮਲੇ ਦੀ ਅਜਿਹੀ ਯੋਜਨਾ ਬਣਾਉਣੀ ਪੈਣੀ ਸੀ ਕਿ ਸੱਪ ਵੀ ਮਰ ਜਾਏ ਤੇ ਸੋਟੀ ਵੀ ਨਾ ਟੁੱਟੇ। ਭਾਵ ਇਹ ਕਿ ਘੱਟ ਤੋਂ ਘਟ ਖਤਰਾ ਮੁੱਲ ਲੈ ਕੇ ਕੈਦੀਆਂ ਨੂੰ ਮੁਕਤ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਦੀ ਪ੍ਰਾਣ-ਰੱਖਿਆ ਵੀ ਹੋ ਸਕੇ। ਇਸ ਤਰ੍ਹਾਂ ਸੂਹੀਏ ਨੇ ਦਿੱਤੀ ਖਬਰ ਮੁਤਾਬਕ ਅਬਦਾਲੀ ਨੂੰ ਬਿਆਸ ਪਾਰ ਕਰਨ ’ਚ ਚਾਰ ਦਿਨ ਦਾ ਸਮਾਂ ਲੱਗਾ। ਤਿੰਨ ਦਿਨ ਉਸ ਦੀ ਸੈਨਾ ਕੈਦੀਆਂ ਅਤੇ ਹੋਰ ਸਾਮਾਨ ਪਾਰ ਕਰਨ ’ਚ ਲੱਗੀ ਰਹੀ। ਸਾਰਾ ਸਾਮਾਨ ਅਬਦਾਲੀ ਨੇ ਦਰਿਆ ਤੋਂ ਪਾਰ ਭੇਜ ਦਿੱਤਾ ਸੀ ਪਰ ਸੋਨਾ ਅਤੇ ਹੋਰ ਕੀਮਤੀ ਸਾਮਾਨ ਅਜੇ ਦਰਿਆ ਦੇ ਦੂਜੇ ਪਾਰ ਹੀ ਸਨ, ਕਿਉਂਕਿ ਅਬਦਾਲੀ ਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਸੋਨਾ, ਜਵਾਹਾਰ ਨਾਲੋ ਬੰਦੀ ਬਣਾਏ ਗਏ ਕੈਦੀ ਨੂੰ ਛਡਾਉਣ ’ਚ ਹੀ ਤਰਜੀਹ ਦਿੰਦੇ ਹਨ।
ਖਾਲਸੇ ਨੇ ਇਸ ਯੋਜਨਾ ਅਨੁਸਾਰ ਸਾਰੀ ਤਿਆਰੀ ਮੁਕੰਮਲ ਕਰ ਲਈ ਕਿ ਕੈਦੀ ਹੀ ਪਹਿਲਾ ਛੁਡਾਈਏ। ਜਦੋਂ ਤੀਜੇ ਦਿਨ ਅਬਦਾਲੀ ਵੀ ਉਸ ਪਾਰ ਚਲਾ ਗਿਆ ਤਾਂ ਚੜ੍ਹਤ ਸਿੰਘ ਅਤੇ ਜੈ ਸਿੰਘ ਨੇ ਅਚਾਨਕ ਹੱਲਾ ਬੋਲ ਦਿੱਤਾ। ਗਹਿਗੱਚ ਲੜਾਈ ਹੋਈ'। ਦੁਸ਼ਮਣ ਸੈਨਾ ਵਿਚ ਭਗਦੜ ਮੱਚ ਗਈ। ਜਿਹੜਾ ਜੱਥਾ ਜੱਸਾ ਸਿੰਘ ਦੀ ਕਮਾਨ ਵਿਚ ਸੀ, ਉਨ੍ਹਾਂ ਕੈਦੀਆਂ ਨੂੰ ਮੁਕਤ ਕਰਵਾਇਆ ਅਤੇ ਸਹਿਜੇ ਹੀ ਭਜਾਅ ਲਿਆਏ।
ਜੱਸਾ ਸਿੰਘ ਨੇ ਮੁਕਤ ਕਰਵਾਏ ਕੈਦੀਆਂ ਨੂੰ ਘਰੋ-ਘਰ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਗੁਇੰਦਵਾਲ ਤੋਂ ਦਸ ਕੋਹ ਦੇ ਫਾਸਲੇ ਉਪਰ ਜੰਗਲ ਵਿਚ ਉਨ੍ਹਾਂ ਦੇ ਫਰਿਆਦੀ ਰਿਸ਼ਤੇਦਾਰ ਵੀ ਮੌਜੂਦ ਸਨ। ਉਹ ਆਪਣੇ ਪੁੱਤਰਾਂ ਧੀਆਂ ਦੇ ਗਲ਼ੇ ਲੱਗ ਲੱਗ ਮਿਲੇ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਬਾਈ ਸੌ ਦੇ ਲਗਭਗ ਔਰਤਾਂ ਮੁਕਤ ਕਰਵਾਈਆਂ ਗਈਆਂ ਸਨ, ਉਨ੍ਹਾਂ ਵਿਚਢਾਈ ਸੌ ਦੇ ਕਰੀਬ ਹਿੰਦੁਸਤਾਨੀ ਮੁਸਲਮਾਨ ਔਰਤਾਂ ਵੀ ਸਨ। ਉਨ੍ਹਾਂ ਦੇ ਸਾਕ ਸਬੰਧੀ ਵੀ ਉੱਥੇ ਮੌਜੂਦ ਸਨ। ਉਨ੍ਹਾਂ ਅੱਲਾ ਦਾ ਸ਼ੁਕਰ ਅਦਾ ਕੀਤਾ ਅਤੇ ਖਾਲਸਾ ਜੀ ਦਾ ਲੱਖ-ਲੱਖ ਧੰਨਵਾਦ। ਜਿਨ੍ਹਾਂ ਮੁਕਤ ਹੋਏ ਕੈਦੀਆਂ ਦੇ ਰਿਸ਼ਤੇਦਾਰ ਉੱਥੇ ਮੌਜੂਦ ਨਹੀਂ ਸਨ, ਉਹ ਉਨ੍ਹਾਂ ਨੂੰ ਆਪਣੇ ਘਰ ਲੈ ਗਏ। ਜਿਹੜੇ ਲੋਕ ਖ਼ੁਦਾ ਆਪਣੇ ਘਰੀਂ ਜਾ ਸਕਦੇ ਸਨ, ਉਹ ਆਪ ਚਲੇ ਗਏ ਤੇ ਬਾਕੀਆਂ ਨੂੰ ਪੂਰੀ ਹਿਫ਼ਾਜਤ ਨਾਲ ਉਨ੍ਹਾਂ ਦੇ ਘਰੀਂ ਪਹੁਚਾਉਣ ਦਾ ਪ੍ਰਬੰਧ ਕੀਤਾ ਗਿਆ।
ਹਿੰਦੂ ਪਰਿਵਾਰਾਂ ਨੇ ਕਿਹਾ ਕਿ ਜੇਕਰ ਅੱਜ ਮਾਝੇ ਦੇ ਜਰਨੈਲ ਨਾ ਹੁੰਦੇ ਤਾਂ ਸਾਡੀਆਂ ਧੀਆਂ ਭੈਣਾਂ ਦੇ ਮੁੱਲ ਕਾਬਲ ਕੰਧਾਰ ’ਚ ਪੈਣੇ ਸਨ। ਅਬਦਾਲੀ ਦੇ ਮੁਤਾਬਕ "ਮੈਂ ਭਾਰਤ ਨੂੰ ਕਈ ਵਾਰ ਲੁੱਟਿਆ ਪਰ ਹਰ ਵਾਰ ਮੇਰੀ ਲੁੱਟ ਦੀ ਸਾਰੀ ਅਮਾਨਤ ਬਿਆਸ ਦਰਿਆ ਤੋਂ ਪਾਰ ਦੇ ਸਿੱਖ ਜਰਨੈਲਾਂ ਨੇ ਲੁੱਟ ਕੇ ਮੇਰੀ ਬੇਇਜ਼ਤੀ ਕੀਤੀ।’’
ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚਕੀਆ, ਹਰੀ ਸਿੰਘ, ਝੰਡਾ ਸਿੰਘ, ਗੁਜਰ ਸਿੰਘ ਭੰਗੀ, ਜੈ ਸਿੰਘ ਤੇ ਸੋਭਾ ਸਿੰਘ ਕਨ੍ਹਈਆ,ਹੀਰਾ ਸਿੰਘ ਭੰਗੀ, ਲਹਿਣਾ ਸਿੰਘ, ਸੋਭਾ ਸਿੰਘ, ਗੁਜਰ ਸਿੰਘ ,ਬਾਬਾ ਦੀਪ ਸਿੰਘ, ਅਮਰ ਸਿੰਘ ਬਾਬਾ ਬਘੇਲ ਸਿੰਘ, ਹਰੀ ਸਿੰਘ ਨਲੂਆ ਸਰਦਾਰ, ਸਰਦਾਰ ਖ਼ੁਸ਼ਹਾਲ ਸਿੰਘ, ਕੌੜਾ ਸਿੰਘ, ਬਘੇਲਾ ਸਿੰਘ, ਤਾਰਾ ਸਿੰਘ ਗੋਬਾ, ਗੁਰਬਖ਼ਸ਼ ਸਿੰਘ, ਕਰਮ ਸਿੰਘ, ਰਾਮ ਸਿੰਘ, ਬਾਬਾ ਨੋਧ ਸਿੰਘ, ਭਾਈ ਤਾਰੂ ਸਿੰਘ, ਭਾਈ ਤਾਰਾ ਸਿੰਘ ਵਾਂ, ਇਹ ਸਭ ਮਾਝੇ ਦੇ ਜਰਨੈਲ ਹੀ ਸਨ, ਜਿਨ੍ਹਾਂ ਨੇ ਇਕ ਵਾਰ ਨਹੀਂ, ਸਗੋਂ ਅਨੇਕਾਂ ਵਾਰ ਨਾਦਰਸ਼ਾਹ, ਅਬਦਾਲੀ ਦੇ ਭਰੇ ਜਾਂਦੇ ਲਾਮ ਲਸ਼ਕਰ ਨੂੰ ਲੁੱਟਿਆ ਅਤੇ ਕੁੱਟਿਆ।
ਪੜ੍ਹੋ ਇਹ ਸਿੱਖ ਸਾਹਿਤ ਵੀ - ਸਿੱਖ ਸਾਹਿਤ ਵਿਸ਼ੇਸ਼ -1 : ਕੌਮ ਦਾ ਵਿਸਾਰਿਆ ਖੋਜੀ ਸ.ਰਣਧੀਰ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਦੇ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿਚ ਪਿੱਛੋਂ ਮਾਝੇ ਦੇ ਜਰਨੈਲ ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ, 1783 ਲਾਲ ਕਿਲ੍ਹੇ ’ਤੇ ਸਿੱਖ ਝੰਡਾ ਜਾ ਫਹਿਰਾਇਆ ।
18ਵੀਂ ਸਦੀ ਦੇ ਦੌਰਾਨ ਪੰਜਾਬ ਵਿਚ 12 ਸਿੱਖ ਪ੍ਰਮੁੱਖ ਮਿਸਲਾਂ ਸਨ। 1752 ਤੋਂ 1801 ਤੱਕ ਇਨ੍ਹਾਂ ਦੀ ਹਕੂਮਤ ਰਹੀ। ਸ਼ੁਕਰਚੱਕੀਆ ਮਿਸਲ ਦਾ ਆਖਰੀ ਮਿਸਲਦਾਰ ਮਹਾਰਾਜਾ ਰਣਜੀਤ ਸਿੰਘ ਸੀ। 18ਵੀਂ ਸਦੀ ਦੇ ਅੰਤਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਪੰਜਾਬ ਵਿਚ ਇਕ ਸੁਤੰਤਰ ਰਾਜ ਨੂੰ ਸਥਾਪਿਤ ਕੀਤਾ, ਜਿਸ ਨੂੰ ਸਿੱਖ ਰਾਜ ਕਿਹਾ ਜਾਂਦਾ ਹੈ।