ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ''ਫਾਲ ਆਰਮੀ ਵਰਮ'' ਦੇ ਹਮਲੇ ਬਾਰੇ ਸੁਚੇਤ ਹੋਣ ਦੀ ਜਰੂਰਤ: ਡਾ ਸੁਰਿੰਦਰ ਸਿੰਘ
Wednesday, Apr 29, 2020 - 05:10 PM (IST)
ਜਲੰਧਰ-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ 360 ਲੀਟਰ ਸੋਡੀਅਮ ਹਾਈਪੋਕਲੋਰਾਈਡ 5% ਨਾਲ ਜਿਲੇ ਭਰ ਵਿੱਚ ਆਪਣੇ ਤਕਨੀਕੀ ਸਟਾਫ ਰਾਹੀਂ ਖੇਤਾਂ ਵਿੱਚ ਕੰਮ ਕਰ ਰਹੀਆਂ ਕੰਬਾਈਨ ਹਾਰਵੈਸਟਰ ਮਸ਼ੀਨਾਂ ਨੂੰ ਸੈਨੇਟਾਈਜ਼ ਕਰ ਰਿਹਾ ਹੈ।ਕੰਬਾਇਨ ਮਾਲਕਾਂ ਨੁੰ ਮੁਫਤ ਸਪਲਾਈ ਕੀਤੇ ਜਾ ਰਹੇ ਇਸ ਕੈਮੀਕਲ ਰਾਹੀਂ ਇਹ ਕਿਹਾ ਜਾ ਰਿਹਾ ਹੈ,ਉਹ ਹਰ ਰੋਜ ਕੰਬਾਈਨ ਹਾਰਵੈਸਟਰ ਮਸ਼ੀਨਾਂ ਦੇ ਸਟੇਅਰਿੰਗ, ਗੇਅਰ ਨੋਬ, ਪੋੜੀ ਆਦਿ ਤੇ ਦਵਾਈ ਦਾ ਸਪਰੇਅ ਕਰਕੇ ਇਸ ਨੂੰ ਜਰਮ ਮੁਕਤ ਕਰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਾਰੀ ਐਡਵਾਈਜਰੀ ਵਿੱਚ ਬਹਾਰ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦਾ ਸਰਵੇਖਣ ਅਤੇ ਨਿਰੀਖਣ ਕਰਨ ਲਈ ਵੀ ਕਿਹਾ ਜਾ ਰਿਹਾ ਹੈ।
ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਪਤਾਰਾ, ਬੁਢਿਆਣਾਂ, ਜੈਤੋਵਾਲੀ, ਜੌਹਲ ਬੋਲੀਨਾ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਮੱਕੀ ਦੇ ਖੇਤਾਂ ਦਾ ਨਿਰੀਖਣ ਕੀਤਾ।ਉਹਨਾਂ ਜਾਣਕਾਰੀ ਦਿੱਤੀ ਕਿ ਫਿਲਹਾਲ ਇਸ ਹਲਕੇ ਵਿੱਚ ਮੱਕੀ ਤੇ ਕਿਸੇ ਕੀੜੇ ਦਾ ਵਧੇਰੇ ਹਮਲਾ ਨਜ਼ਰ ਨਹੀ ਆਇਆ ਹੈ ਪਰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ।ਉਹਨਾਂ ਕਿਹਾ ਕਿ 'ਫਾਲ ਆਰਮੀ ਵਰਮ' ਨਾਂ ਦਾ ਕੀੜਾ ਸੂਬੇ ਦੇ ਕਈ ਇਲਾਕਿਆਂ ਵਿੱਚ ਮੱਕੀ ਦੇ ਖੇਤਾਂ ਵਿੱਚ ਨਜ਼ਰ ਆਇਆ ਹੈ।ਉਹਨਾਂ ਦੱਸਿਆ ਕਿ ਇਹ ਕੀੜਾ ਫਸਲ ਦਾ ਬਹੁਤ ਨੁਕਸਾਨ ਕਰਨ ਦੀ ਸਮਰੱਥਾ ਰੱਖਦਾ ਹੈ ਇਸ ਕੀੜੇ ਦੀ ਸੂੰਡੀ ਦੀ ਪੂੰਛ ਦੇ ਲਾਗੇ ਚਾਰ ਬਿੰਦੂਆਂ ਅਤੇ ਸਿਰ ਲਾਗੇ ਅੰਗ੍ਰੇਜੀ ਅੱਖਰ ਵਾਈ ਦਾ ਉਲਟਾ ਨਿਸ਼ਾਨ ਹੁੰਦਾ ਹੈ।ਇਹ ਸੂੰਡੀ ਗੋਭ ਵਾਲੇ ਪੱਤੇ ਨੂੰ ਖਾਂਦੀ ਹੈ ਅਤੇ ਵੱਡੀਆਂ-ਵੱਡੀਆਂ ਅੰਡੇਕਾਰ ਧਾਰੀਆਂ ਬਣਾਉਂਦੀ ਹੈ।ਵੱਡੀਆਂ ਸੂੰਡੀਆਂ ਗੋਭ ਦੇ ਪੱਤੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੰਦੀਆਂ ਹਨ ਤੇ ਭਾਰੀ ਮਾਤਰਾ ਵਿੱਚ ਬੂਟੇ ਦੇ ਹੇਠਾਂ ਵਿੱਚ ਮਲ ਮੂਤਰ ਵੀ ਤਿਆਗਦੀਆਂ ਹਨ।
ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਸੂੰਡੀ ਦਾ ਪਤੰਗਾ ਇਕ ਦਿਹਾੜੀ ਵਿੱਚ 100 ਕਿਲੋਮੀਟਰ ਤੱਕ ਉਡਾਰੀ ਮਾਰਨ ਦੀ ਸਮਰੱਥਾ ਰੱਖਦਾ ਹੈ।ਇਸ ਲਈ ਕਿਸਾਨ ਨੂੰ ਸੂਚੇਤ ਹੋਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਤੇ 5% ਤੋ ਵਧੇਰੇ ਹੋਵੇ ਤਾਂ ਕੋਰਾਜਿਨ 18.5 ਐਸ.ਸੀ 0.4 ਮੀ.ਲੀ. ਜਾਂ ਡੈਲੀਗੇਟ 11.7 ਐਸ ਸੀ 0.4 ਮੀ.ਲੀ. ਨੂੰ ਪ੍ਰਤੀ ਇੱਕ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ। ਡਾ. ਸਿੰਘ ਨੇ ਕਿਹਾ ਕਿ ਚਾਰੇ ਵਜੋਂ ਬੀਜੀ ਫਸਲ ਜੇਕਰ 40 ਦਿਨ ਦੀ ਹੋ ਗਈ ਹੋਵੇ ਤਾਂ ਸਪਰੇਅ ਨਹੀ ਕਰਨੀ ਚਾਹੀਦੀ ਅਤੇ ਸਪਰੇਅ ਤੋ 21 ਦਿਨਾਂ ਤੱਕ ਫਸਲ ਦੀ ਵਾਢੀ ਨਹੀ ਕਰਨੀ ਚਾਹੀਦੀ।ਉਹਨਾਂ ਜਾਣਕਾਰੀ ਦਿੱਤੀ ਕਿ ਜਿਲੇ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਹੇਠ ਤਕਰੀਬਨ 8000 ਹੈਕਟੇਅਰ ਰਕਬਾ ਬੀਜਿਆ ਹੈ ਕਿਉਂਕਿ ਹੁਣ ਮੌਸਮ ਵਿੱਚ ਗਰਮੀ ਵੱਧ ਗਈ ਹੈ ਇਸ ਲਈ ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਬਾਰੇ ਹੋਰ ਸੁਚੇਤ ਹੋਣ ਦੀ ਜਰੂਰਤ ਹੈ।
ਸੰਪਰਕ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,