ਮਹਾਸ਼ਿਵਰਾਤਰੀ ’ਤੇ ਆਸਥਾ ਦੀ ਅਨੋਖੀ ਤਸਵੀਰ, ਇਸ ਕਲਾਕਾਰ ਨੇ ‘ਟੁੱਥ ਪਿੱਕ’ ਨਾਲ ਬਣਾਇਆ ਸ਼ਿਵਲਿੰਗ (ਤਸਵੀਰਾਂ)
Thursday, Mar 11, 2021 - 03:25 PM (IST)
ਅੰਮ੍ਰਿਤਸਰ (ਸੁਮਿਤ) - ਅੱਜ ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਮਹਾਸ਼ਿਵਰਾਤਰੀ ਦੇ ਮੌਕੇ ਵੱਡੀ ਗਿਣਤੀ ’ਚ ਸ਼ਿਵ ਭਗਤ ਮੰਦਰਾਂ ’ਚ ਜਾ ਰਹੇ ਹਨ, ਜਿਥੇ ਉਹ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਸ਼ਿਵ ਦੀ ਪੂਜਾ ਕਰ ਰਹੇ ਹਨ। ਮਹਾ ਸ਼ਿਵਰਾਤਰੀ ਦੇ ਮੌਕੇ ਅੰਮ੍ਰਿਤਸਰ ਜ਼ਿਲ੍ਹੇ ’ਚ ਰਹਿ ਰਹੇ ਇਕ ਕਲਾਕਾਰ ਦੇ ਆਸਥਾ ਦੀ ਅਨੋਖੀ ਤਸਵੀਰ, ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਉਸ ਨੇ ‘ਟੁੱਥ ਪਿੱਕ’ ਨਾਲ ਸ਼ਿਵਲਿੰਗ ਦੀ ਮੂਰਤ ਬਣਾ ਦਿੱਤੀ। ਸ਼ਿਵਲਿੰਗ ਦੀ ਮੂਰਤ ਬਣਾਉਣ ਵਾਲੇ ਉਸ ਕਲਾਕਾਰ ਦਾ ਨਾਂ ਬਲਜਿੰਦਰ ਸਿੰਘ ਹੈ, ਜਿਸ ਨੇ ਆਪਣੀ ਇਸ ਕਲਾਕਾਰੀ ਨਾਲ ਸ਼ਰਧਾ ਦੀ ਇੱਕ ਅਨੋਖੀ ਮਿਸਾਲ ਕਾਇਮ ਕਰ ਕੇ ਰੱਖ ਦਿੱਤੀ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸ਼ਿਵਲਿੰਗ ਨੂੰ ਇਕ ਵੱਡੇ ਮੰਦਰ ਵਿਚ ਸਥਾਪਿਤ ਕਰਨਾ ਚਾਹੁੰਦਾ ਹੈ ਤਾਂ ਕਿ ਲੋਕ ਇਸਨੂੰ ਵੇਖ ਸਕਣ। ਕਲਾਕਾਰ ਦਾ ਕਹਿਣਾ ਹੈ ਕਿ ਕਰੀਬ 10 ਹਜ਼ਾਰ ਦੇ ਨੇੜੇ ਟੁੱਥ ਪਿੱਕ ਲਗਾ ਕੇ ਸ਼ਿਵਲਿੰਗ ਦੀ ਇਸ ਮੂਰਤ ਨੂੰ ਤਿਆਰ ਕੀਤਾ ਹੈ, ਜੋ ਕਿ ਖਿੱਚ ਦਾ ਕੇਂਦਰ ਹੈ।
ਉਸ ਨੇ ਕਿਹਾ ਕਿ ਇਸ ਅਦਭੁੱਤ ਕਲਾਕ੍ਰਿਤੀ ਨੂੰ ਬਣਾਉਣ ਲਈ ਉਸ ਨੇ ਸਿਰਫ਼ ਟੁੱਥ ਪਿੱਕ ਅਤੇ ਫਵੀਕੋਲ ਦਾ ਹੀ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਸ਼ਿਵਲਿੰਗ ਦੀ ਸਜਾਵਟ ਕਰਨ ਲਈ ਉਸ ਨੇ ਕੁਝ ਰੰਗਾਂ ਦੀ ਵਰਤੋਂ ਕੀਤੀ ਹੈ। ਕਲਾਕਾਰ ਨੇ ਆਪਣੀ ਸਖ਼ਤ ਮਿਹਨਤ ਅਤੇ ਪਿਆਰ ਨਾਲ ‘ਟੁੱਥ ਪਿੱਕ’ ਦੀ ਸ਼ਿਵਲਿੰਗ ਕਲਾਕ੍ਰਿਤੀ ਬਣਾ ਕੇ ਭਗਵਾਨ ਸ਼ੰਕਰ ਪ੍ਰਤੀ ਆਪਣੀ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ।
ਦੱਸ ਦੇਈਏ ਕਿ ਬਲਜਿੰਦਰ ਸਿੰਘ ਪੇਸ਼ੇ ਵਜੋਂ ਇੱਕ ਅਧਿਆਪਕ ਹੈ। ਬਲਜਿੰਦਰ ਸਿੰਘ ਪਹਿਲਾਂ ਵੀ ਕਈ ਵਾਰ ਆਪਣੀ ਕਲਾ ਕਰਕੇ ਬਹੁਤ ਸਾਰੇ ਸਨਮਾਨ ਪ੍ਰਾਪਤ ਕਰ ਚੁੱਕਾ ਹੈ। ਕਲਾਕਾਰ ਨੇ ਕਿਹਾ ਕਿ ਉਸ ਦੀ ਕੌਸ਼ਿਸ਼ ਹੈ ਕਿ ਉਹ ਅਗਲੀ ਮਹਾਸ਼ਿਵਰਾਤਰੀ ’ਤੇ ਇੱਕ ਵੱਡੇ ਆਕਾਰ ਦਾ ਤ੍ਰਿਸ਼ੂਲ ਅਤੇ ਡਮਰੂ ਬਣਾ ਕੇ ਸ਼ਰਧਾਲੂਆਂ ਨੂੰ ਸਮਰਪਿਤ ਕਰੇ। ਇਸ ਦੇ ਨਾਲ ਹੀ ਉਸ ਨੇ ਸਭ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਵੀ ਦਿੱਤਾ।