ਮਹਾਰਾਣੀ ਪਰਨੀਤ ਕੌਰ ਦਾ PA ਬਣ ਕੇ ਮਾਰੀ ਪੌਣੇ 5 ਲੱਖ ਦੀ ਠੱਗੀ, ਪਤੀ-ਪਤਨੀ ਸਣੇ 3 ਨਾਮਜ਼ਦ
Monday, Mar 25, 2024 - 08:05 AM (IST)

ਮਲੋਟ (ਜੁਨੇਜਾ): ਥਾਣਾ ਸਿਟੀ ਮਲੋਟ ਪੁਲਸ ਨੇ ਇਕ ਵਿਅਕਤੀ ਦੇ ਪੁੱਤਰ ਨੂੰ ਪੁਲਸ ਵਿਚ ਭਰਤੀ ਕਰਵਾਉਣ ਦੀ ਆੜ ਵਿਚ ਪੌਣੇ ਪੰਜ ਲੱਖ ਦੀ ਠੱਗੀ ਮਾਰਨ ਦੇ ਕਥਿਤ ਮੁਲਜ਼ਮ ਪਤੀ-ਪਤਨੀ ਅਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਪੁਲਸ ਨੇ ਦੱਸਿਆ ਗਿਆ ਕਿ ਪੀੜਤ ਲਖਵਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਡੱਬਵਾਲੀ ਰਹੂੜਿਆਂਵਾਲੀ, ਤਹਿਸੀਲ ਮਲੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦੇ ਲੜਕੇ ਹਰਮਨਜੀਤ ਸਿੰਘ ਨੇ 12ਵੀਂ ਕਲਾਸ 2020 ਵਿਚ ਪਾਸ ਕੀਤੀ ਹੋਈ ਹੈ। ਇਕ ਪ੍ਰੋਗਰਾਮ ਵਿਚ ਜਰਨੈਲ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਸੱਦੂਵਾਲਾ ਜ਼ਿਲਾ ਫਿਰੋਜ਼ਪੁਰ ਉਸ ਨੂੰ ਮਿਲਿਆ ਤੇ ਉਸ ਤੋਂ ਬਾਅਦ ਫੋਨ ’ਤੇ ਗੱਲਬਾਤ ਹੋਣ ਲੱਗ ਪਈ। ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਜਰਨੈਲ ਸਿੰਘ ਨੇ ਮੁਦਈ ਨੂੰ ਦੱਸਿਆ ਕਿ ਉਹ ਉਸ ਵਕਤ ਐੱਮ.ਪੀ. ਮਹਾਰਾਣੀ ਪ੍ਰਨੀਤ ਕੌਰ ਦਾ ਪੀ.ਏ. ਹੈ ਅਤੇ ਉਸ ਦੇ ਲੜਕੇ ਨੂੰ ਡੀ.ਜੀ.ਪੀ. ਕੋਟੇ ਵਿਚੋਂ ਪੰਜਾਬ ਪੁਲਸ ਵਿਚ ਕਾਂਸਟੇਬਲ ਲਗਵਾ ਸਕਦਾ ਹੈ, ਜਿਸ ਲਈ 8 ਲੱਖ ਰੁਪਏ ਲੱਗਣਗੇ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪਿਆਂ ਲਈ ਬੇਹੱਦ ਅਹਿਮ ਖ਼ਬਰ, ਨਵੇਂ ਸੈਸ਼ਨ ਤੋਂ ਪਹਿਲਾਂ ਜਾਰੀ ਹੋਏ ਨਿਰਦੇਸ਼
ਇਸ ਤੋਂ ਬਾਅਦ ਉਸ ਨੇ ਤਿੰਨਾਂ ਨੂੰ ਆਪਣੇ ਆੜ੍ਹਤੀ ਹਰਪ੍ਰੀਤ ਸਿੰਘ ਅਤੇ ਰਿਸ਼ਤੇਦਾਰ ਨੱਥਾ ਸਿੰਘ ਸਾਹਮਣੇ ਕਿਸ਼ਤਾਂ ਵਿਚ 4 ਲੱਖ 75 ਹਜ਼ਾਰ ਦਿੱਤੇ। ਜਦੋਂ ਮੁਦਈ ਨੇ ਜਰਨੈਲ ਸਿੰਘ ਤੋਂ ਨਿਯੁਕਤੀ ਪੱਤਰ ਮੰਗਿਆ ਤਾਂ ਉਸ ਨੇ ਪੰਜ ਲੱਖ ਦੀ ਹੋਰ ਮੰਗ ਕੀਤੀ। ਮੁਦਈ ਅਨੁਸਾਰ ਉਸ ਵੱਲੋਂ ਵਾਰ ਵਾਰ ਪੈਸੇ ਮੰਗਣ ’ਤੇ ਜਰਨੈਲ ਸਿੰਘ ਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਦੇ ਲੜਕੇ ਨੂੰ ਨੌਕਰੀ ਲਗਵਾਇਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ’ਚ ਪਤਾ ਲੱਗਾ ਕਿ ਉਪਰੋਕਤ ਤਿੰਨਾਂ ਨੇ ਮੁਦਈ ਨਾਲ ਠੱਗੀ ਮਾਰੀ ਹੈ। ਪੁਲਸ ਨੇ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਥਿਤ ਮੁਲਜ਼ਮ ਜਰਨੈਲ ਸਿੰਘ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਕਤਲ ਸਮੇਤ 8 ਸੰਗੀਨ ਕੇਸ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8