''ਹਿੰਦੂ ਮੰਦਿਰ ਐਕਟ'' ਬਾਰੇ ਮਹੰਤ ਰਵੀਕਾਂਤ ਨਾਲ ਖ਼ਾਸ ਮੁਲਾਕਾਤ, ਸਾਂਝੀਆਂ ਕੀਤੀਆਂ ਇਹ ਗੱਲਾਂ (ਵੀਡੀਓ)

12/02/2021 12:51:12 PM

ਚੰਡੀਗੜ੍ਹ (ਸੁਨੀਲ) : ਹਿੰਦੂ ਵੈੱਲਫੇਅਰ ਬੋਰਡ ਦੇ ਮਹੰਤ ਰਵੀਕਾਂਤ ਨੇ 'ਜਗਬਾਣੀ' ਨਾਲ ਇੰਟਰਵਿਊ ਦੌਰਾਨ 'ਹਿੰਦੂ ਮੰਦਿਰ ਐਕਟ' ਬਾਰੇ ਚਰਚਾ ਕੀਤੀ। 'ਜਗਬਾਣੀ' ਦੇ ਪੱਤਰਕਾਰ ਸੁਨੀਲ ਕੁਮਾਰ ਨਾਲ ਖ਼ਾਸ ਗੱਲਬਾਤ ਦੌਰਾਨ ਮਹੰਤ ਰਵੀਕਾਂਤ ਨੇ ਕਿਹਾ ਕਿ ਸਾਡੇ ਧਾਰਮਿਕ ਅਸਥਾਨਾਂ ਦਾ ਚੜ੍ਹਾਵਾ ਸਰਕਾਰ ਵੱਲੋਂ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ ਅਤੇ ਸਰਕਾਰਾਂ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਪ੍ਰਾਪਰਟੀ ਵੀ ਖ਼ਤਮ ਕਰਨ 'ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਇਹ ਲੋੜ ਮਹਿਸੂਸ ਹੋਈ ਕਿ ਸਰਕਾਰ ਤੋਂ ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਮੁਕਤ ਕਰਾਇਆ ਜਾਵੇ।

ਮਹੰਤ ਰਵੀਕਾਂਤ ਨੇ ਦੱਸਿਆ ਕਿ 'ਹਿੰਦੂ ਮੰਦਿਰ ਐਕਟ' ਨਾਲ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਬਿਨਾਂ ਕਿਸੇ ਸਿਆਸੀ ਦਖ਼ਲ-ਅੰਦਾਜ਼ੀ ਦੇ ਹਿੰਦੂ ਧਰਮ ਅਸਥਾਨਾਂ ਦਾ ਪ੍ਰਬੰਧਨ ਸਾਡਾ ਸਮਾਜ ਖ਼ੁਦ ਕਰੇ ਕਿਉਂਕਿ ਕਿਸੇ ਵੀ ਹੋਰ ਧਰਮ ਅਸਥਾਨ 'ਤੇ ਸਰਕਾਰ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਕੁੱਝ ਨਹੀਂ ਮੰਗਦੇ, ਸਿਰਫ ਸਾਡੀ ਇੰਨੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਮੁਕਤ ਕਰ ਦੇਵੇ।

ਉਨ੍ਹਾਂ ਕਿਹਾ ਕਿ ਹਿੰਦੂ ਧਾਰਮਿਕ ਅਸਥਾਨਾਂ ਲਈ ਇਕ ਕਾਨੂੰਨ ਸਰਕਾਰ ਬਣਾ ਦੇਵੇ ਅਤੇ ਇਸ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਮਹੰਤ ਰਵੀਕਾਂਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜਾ ਚੁੱਕੀ ਹੈ।
 


Babita

Content Editor

Related News