ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ''ਚੋਂ ਪੈਸੇ ਗਾਇਬ ਕਰੇਗਾ ਸਕੂਲਾਂ ਦਾ ''ਜਾਦੂ'' (ਵੀਡੀਓ)
Thursday, Aug 24, 2017 - 12:10 AM (IST)
ਮਾਨਸਾ— ਅੱਤ ਦੀ ਗਰਮੀ, ਕਿਤਾਬਾਂ ਦੀ ਕਮੀ, ਉੱਤੋਂ ਜ਼ਿਲਾ ਪ੍ਰਸ਼ਾਸਨ ਦਾ ਅਜੀਬੋ-ਗਰੀਬ ਹੁਕਮ। ਪੰਜਾਬ ਦੇ ਕਈ ਜ਼ਿਲਿਆਂ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ 'ਚ 30 ਸਤੰਬਰ ਤਕ ਜਾਦੂ ਦੇ ਸ਼ੋਅ ਕਰਵਾਏ ਜਾਣ ਅਤੇ ਫੀਸ ਵਿਦਿਆਰਥੀਆਂ ਤੋਂ ਵਸੂਲੀ ਜਾਵੇ। ਇਨ੍ਹਾਂ ਹਦਾਇਤਾਂ ਮੁਤਾਬਕ ਪੰਜਵੀਂ ਕਲਾਸ ਤਕ ਦੇ ਵਿਦਿਆਰਥੀਆਂ ਤੋਂ ਪੰਜ ਰੁਪਏ ਅਤੇ 10ਵੀਂ ਕਲਾਸ ਤਕ ਦੇ ਵਿਦਿਆਰਥੀਆਂ ਤੋਂ 10 ਰੁਪਏ ਵਸੂਲੇ ਜਾਣਗੇ ਪਰ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਬੱਚਿਆਂ ਕੋਲ ਪੜ੍ਹਨ ਲਈ ਕਿਤਾਬਾਂ ਅਤੇ ਕਾਪੀਆਂ ਨਹੀਂ ਆਖਰ ਉਹ 'ਜਾਦੂ' ਦੇ ਪੈਸੇ ਕਿਉਂ ਅਤੇ ਕਿਵੇਂ ਦੇਣ।
ਇਸ ਬਾਰੇ ਜਦੋਂ ਮਾਨਸਾ ਦੇ ਉੱਪ ਜ਼ਿਲਾ ਸਿੱਖਿਆ ਅਫਸਰ ਜਗਰੂਪ ਭਾਰਤੀ ਤੋਂ ਪੁੱਛਿਆ ਗਿਆ ਤਾਂ ਜਾਣੋ ਉਨ੍ਹਾਂ ਦਾ ਕਹਿਣਾ ਸੀ ਕਿ, ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਤੋਂ ਜੋ ਪੱਤਰ ਆਉਂਦੇ ਹਨ ਉਹ ਜਾਰੀ ਕਰ ਦਿੰਦੇ ਨੇ ਪਰ ਜ਼ਰੂਰੀ ਨਹੀਂ ਕਿ ਬੱਚੇ ਜਾਦੂ ਦੇ ਸ਼ੋਅ ਲਈ ਪੈਸੇ ਦੇਣ।
ਜ਼ਿਲਾ ਸਿੱਖਿਆ ਵਿਭਾਗ ਨੇ ਜ਼ਿਲਾ ਮੈਜਿਸਟ੍ਰੇਟ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੂਲਾਂ ਨੂੰ ਜਾਦੂ ਦੇ ਸ਼ੋਅ ਦਿਖਾਉਣ ਲਈ ਹਦਾਇਤ ਪੱਤਰ ਜਾਰੀ ਕਰ ਦਿੱਤੇ ਹਨ। ਉੱਧਰ ਇਸ ਤਰ੍ਹਾਂ ਦੀਆਂ ਹਦਾਇਤਾਂ ਬਰਨਾਲਾ ਅਤੇ ਲੁਧਿਆਣਾ 'ਚ ਵੀ ਸਾਹਮਣੇ ਆਈਆਂ। ਲੁਧਿਆਣਾ 'ਚ ਅਧਿਆਪਕਾਂ ਨੇ ਇਸ ਦਾ ਸਖਤ ਵਿਰੋਧ ਕੀਤਾ। ਉਨ੍ਹਾਂ ਮੁਤਾਬਕ ਬੱਚਿਆਂ ਨੂੰ ਇਹ ਸ਼ੋਅ ਜਾਗਰੂਕਤਾ ਲਈ ਮੁੱਫਤ ਦਿਖਾਏ ਜਾਣ ਤਾਂ ਠੀਕ ਹੈ ਪਰ ਇਹ ਪੈਸੇ ਲੈ ਕੇ ਜਾਦੂ ਦਿਖਾਉਣਾ ਬਿਲਕੁਲ ਗਲਤ ਹੈ।
