ਮਾਛੀਵਾੜਾ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, 8 ਕਰੋੜ ਦੀ ਲਾਗਤ ਵਾਲਾ ਸੜਕੀ ਪ੍ਰਾਜੈਕਟ ਸ਼ੁਰੂ
Monday, Dec 14, 2020 - 04:07 PM (IST)
ਮਾਛੀਵਾੜਾ ਸਾਹਿਬ (ਟੱਕਰ) : ਬੇਟ ਖੇਤਰ ਦੇ 60 ਤੋਂ ਵੱਧ ਪਿੰਡਾਂ ਨੂੰ ਮਾਛੀਵਾੜਾ ਸ਼ਹਿਰ ਨਾਲ ਜੋੜਦੀ ਗਨੀ ਖਾਂ ਨਬੀ ਖਾਂ ਗੇਟ ਤੋਂ ਚੱਕ ਲੋਹਟ ਤੱਕ ਇਹ ਸੜਕ ਖਸਤਾ ਹਾਲਤ ਹੋਣ ਕਾਰਣ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਸੀ ਪਰ ਹੁਣ ਇਲਾਕਾ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿਉਂਕਿ ਇਸ 20 ਕਿਲੋਮੀਟਰ ਲੰਬੇ 8 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੜਕੀ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਮਾਰਕਿਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ 8 ਕਰੋੜ ਦੇ ਸੜਕੀ ਪ੍ਰਾਜੈਕਟ ਨੂੰ ਕੁੱਝ ਮਹੀਨੇ ਪਹਿਲਾਂ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਕੋਰੋਨਾ ਮਹਾਮਾਰੀ ਕਾਰਣ ਇਸ ਮੁਰੰਮਤ ਕਾਰਜ ਨੂੰ ਸ਼ੁਰੂ ਹੋਣ 'ਚ ਦੇਰ ਹੋ ਗਈ ਸੀ।
ਵਿਧਾਇਕ ਢਿੱਲੋਂ ਨੇ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਨੇ ਵੀ ਇਸ ਸੜਕ ਦੀ ਮੁਰੰਮਤ ਨਾ ਕਰਵਾਈ ਅਤੇ ਹੁਣ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ 2 ਸਾਲਾਂ ਤੋਂ ਯਤਨਸ਼ੀਲ ਸਨ ਕਿ ਇਸ ਦਾ ਕੰਮ ਸ਼ੁਰੂ ਹੋ ਸਕੇ ਪਰ ਕਦੇ ਫੰਡਾਂ ਦੀ ਘਾਟ ਅਤੇ ਹੁਣ ਕੋਰੋਨਾ ਮਹਾਮਾਰੀ ਕਾਰਣ ਇਸ 'ਚ ਰੁਕਾਵਟਾਂ ਖੜ੍ਹੀਆਂ ਹੋ ਰਹੀਆਂ ਸਨ। ਵਿਧਾਇਕ ਢਿੱਲੋਂ ਤੇ ਚੇਅਰਮੈਨ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਵੱਲੋਂ ਇਸ ਸੜਕ ਦਾ 8 ਕਰੋੜ ਰੁਪਏ ਦਾ ਟੈਂਡਰ ਵੀ ਲਗਾ ਦਿੱਤਾ ਸੀ ਪਰ ਕੋਰੋਨਾ ਮਹਾਮਾਰੀ ਨੇ ਖ਼ਜਾਨੇ ਦੀ ਆਰਥਿਕ ਹਾਲਤ ਖ਼ਰਾਬ ਕਰ ਦਿੱਤੀ ਸੀ, ਜਿਸ ਕਾਰਣ ਅਲਾਟਮੈਂਟ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਬੜੀਆਂ ਅਣਥੱਕ ਕੋਸ਼ਿਸ਼ਾਂ ਕਾਰਣ ਹੁਣ ਇਸ ਸੜਕੀ ਪ੍ਰਾਜੈਕਟ ਦੀ ਠੇਕੇਦਾਰਾਂ ਨੂੰ ਅਲਾਟਮੈਂਟ ਹੋ ਚੁੱਕੀ ਹੈ, ਜਿਸ 'ਤੇ ਪੱਥਰ ਪਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਛੀਵਾੜਾ ਇਤਿਹਾਸਕ ਸ਼ਹਿਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨੂੰ ਲੈ ਕੇ 22, 23 ਤੇ 24 ਨੂੰ ਜੋੜ ਮੇਲ ਲੱਗਦਾ ਹੈ, ਜਿਸ 'ਤੇ ਲੋਕ ਨਿਰਮਾਣ ਮਹਿਕਮੇ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਚਰਨ ਕੰਵਲ ਸਾਹਿਬ ਚੌਂਕ ਤੱਕ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਅਤੇ ਜੋ ਨਗਰ ਕੀਰਤਨ ਸਜਾਏ ਜਾ ਰਹੇ ਹਨ, ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਲੋਕ ਨਿਰਮਾਣ ਮਹਿਕਮੇ ਦੇ ਐੱਸ. ਡੀ. ਓ. ਰਾਣਾ ਨੇ ਦੱਸਿਆ ਕਿ ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ, ਇਸ ਲਈ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਤਹਿਤ ਕੇਵਲ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਚਰਨ ਕੰਵਲ ਚੌਂਕ ਤੇ ਰੋਪੜ ਰੋਡ 'ਤੇ ਜੋੜ ਮੇਲ ਤੋਂ ਪਹਿਲਾਂ ਪ੍ਰੀਮਿਕਸ ਦੀ ਇੱਕ ਤਹਿ ਵਿਛਾ ਦਿੱਤੀ ਜਾਵੇਗੀ ਅਤੇ ਬਾਕੀ ਚੱਕ ਲੋਹਟ ਤੱਕ ਜਿੱਥੇ ਕਿਤੇ ਵੀ ਪੱਥਰ ਵਿਛਾਉਣ ਵਾਲਾ ਹੈ, ਉਸ ਦਾ ਕੰਮ ਚੱਲਦਾ ਰਹੇਗਾ।
ਉਨ੍ਹਾਂ ਕਿਹਾ ਕਿ ਸਾਰੀ ਸੜਕ 'ਤੇ 15 ਫਰਵਰੀ ਤੋਂ ਬਾਅਦ ਪ੍ਰੀਮਿਕਸ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜੋ ਕਿ 15 ਮਈ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ। ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਨੇ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਰੋਪੜ ਰੋਡ ਸੜਕ ਕਿਨਾਰੇ ਰਹਿੰਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਇਸ ਸੜਕ 'ਤੇ ਪਾਣੀ ਦਾ ਬਿਲਕੁਲ ਛਿੜਕਾਅ ਨਾ ਕਰਨ ਕਿਉਂਕਿ ਇਸ ਨਾਲ ਪ੍ਰੀਮਿਕਸ ਵਿਛਾਉਣ ਦੇ ਕੰਮ 'ਚ ਰੁਕਾਵਟ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਮਜ਼ਬੂਰਨ ਮਹਿਕਮੇ ਨੂੰ ਸਬੰਧਿਤ ਦੁਕਾਨਦਾਰ 'ਤੇ ਭਾਰੀ ਜ਼ੁਰਮਾਨਾ ਕਰਨਾ ਪਵੇਗਾ।