6 ਨਾਬਾਲਗ ਅਨਾਥ ਬੱਚਿਆਂ ਦੀ ਦਰਦ ਭਰੀ ਦਾਸਤਾਨ, ਮਾਂ ਬਿਨਾਂ ਇਲਾਜ ਦੇ ਮਰ ਗਈ, ਪਿਓ ਨੇ ਛੱਡਿਆ ਬੇਸਹਾਰਾ
Friday, Aug 06, 2021 - 04:31 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ’ਚ ਅੱਤ ਦੇ ਗਰੀਬ 6 ਅਨਾਥ ਬੱਚੇ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਮਾਂ ਇਲਾਜ ਨਾ ਹੋਣ ਕਾਰਨ ਦਮ ਤੋੜ ਗਈ, ਜਦੋਂ ਕਿ ਪਿਤਾ ਇਨ੍ਹਾਂ ਨੂੰ ਬੇਸਹਾਰਾ ਛੱਡ ਕੇ ਘਰੋਂ ਲਾਪਤਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਵਾਸੀ ਪੇਂਟਰ ਦਾ ਕੰਮ ਕਰਦੇ ਰਾਜੂ ਠਾਕੁਰ ਦਾ ਵਿਆਹ ਵੰਦਨਾ ਦੇਵੀ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਘਰ 7 ਬੱਚੇ ਪੈਦਾ ਹੋਏ। 2 ਬੱਚਿਆਂ ਦੇ ਪੈਦਾ ਹੋਣ ਤੋਂ ਬਾਅਦ ਰਾਜੂ ਠਾਕੁਰ ਆਪਣੀ ਪਤਨੀ ਨੂੰ ਬੇਸਹਾਰਾ ਛੱਡ ਕੇ ਲਾਪਤਾ ਹੋ ਗਿਆ ਅਤੇ ਫਿਰ 6 ਸਾਲ ਬਾਅਦ ਪਰਤ ਆਇਆ। ਇਸ ਤੋਂ ਬਾਅਦ ਉਨ੍ਹਾਂ ਦੇ 4 ਬੱਚੇ ਹੋਰ ਪੈਦਾ ਹੋਏ। ਪਤੀ ਨਿਕੰਮਾ ਤੇ ਸ਼ਰਾਬੀ ਹੋਣ ਕਾਰਨ ਪਤਨੀ ਵੰਦਨਾ ਦੇਵੀ ਨੇ ਹਾਰ ਨਾ ਮੰਨੀ ਅਤੇ ਉਹ ਲੋਕਾਂ ਦੇ ਘਰਾਂ ’ਚ ਸਫ਼ਾਈਆਂ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਰਹੀ ਪਰ ਫਿਰ ਉਸਦਾ ਪਤੀ ਬੱਚਿਆਂ ਤੇ ਉਸ ਨੂੰ ਛੱਡ ਘਰੋਂ ਭੱਜ ਗਿਆ। ਕਰੀਬ 1 ਸਾਲ ਪਹਿਲਾਂ ਰਾਜੂ ਠਾਕੁਰ ਮੁੜ ਆਪਣੀ ਪਤਨੀ ਅੱਗੇ ਮਿੰਨਤਾਂ ਕਰਕੇ ਘਰ ਪਰਤ ਆਇਆ ਅਤੇ ਪਤਨੀ ਨੇ ਬੱਚਿਆਂ ਦੇ ਸਿਰ ’ਤੇ ਪਿਓ ਦਾ ਸਾਇਆ ਬਰਕਰਾਰ ਰੱਖਣ ਲਈ ਉਸ ਨੂੰ ਮਨਜ਼ੂਰ ਕਰ ਲਿਆ। ਵੰਦਨਾ ਦੇਵੀ ਦੇ ਘਰ ਫਿਰ ਇਕ ਮੁੰਡਾ ਪੈਦਾ ਹੋਇਆ।
ਵੰਦਨਾ ਦੇਵੀ ’ਚ ਖੂਨ ਦੀ ਘਾਟ ਆ ਗਈ ਪਰ ਉਸਨੇ 7 ਬੱਚਿਆਂ ਦਾ ਪਾਲਣ-ਪੋਸ਼ਣ ਜਾਰੀ ਰੱਖਿਆ ਅਤੇ ਵੱਡੀ ਧੀ ਸ਼ੋਭਾ ਦਾ ਵਿਆਹ ਕਰ ਦਿੱਤਾ। 6 ਬੱਚਿਆਂ ਦੀ ਰੋਟੀ, ਘਰ ਦਾ ਕਿਰਾਇਆ, ਬਿਜਲੀ ਤੇ ਪਾਣੀ ਦਾ ਬਿੱਲ ਦੇਣ ਲਈ ਵੰਦਨਾ ਦੇਵੀ ਬੀਮਾਰੀ ਦੀ ਹਾਲਤ ਵਿਚ ਵੀ ਲੋਕਾਂ ਦੇ ਘਰ ਕੰਮ ਕਰਦੀ ਰਹੀ ਅਤੇ ਜਦੋਂ ਉਸਦੇ ਸਰੀਰ ’ਚ ਖੂਨ 2 ਗ੍ਰਾਮ ਰਹਿ ਗਿਆ ਤਾਂ ਬਿਸਤਰੇ ’ਤੇ ਜਾ ਪਈ। ਘਰ ਵਿਚ 6 ਨਾਬਾਲਗ ਬੱਚਿਆਂ ਦੀ ਭੁੱਖਮਰੀ, ਪੈਸੇ ਦੀ ਘਾਟ ਕਾਰਨ ਉਸਦਾ ਸੁਚੱਜੇ ਢੰਗ ਨਾਲ ਇਲਾਜ ਨਾ ਹੋ ਸਕਿਆ ਤੇ ਆਖ਼ਰ ਉਹ 22 ਜੁਲਾਈ ਨੂੰ ਦਮ ਤੋੜ ਗਈ। ਘਰ ਵਿਚ 6 ਛੋਟੇ-ਛੋਟੇ ਬੱਚੇ ਪਿਓ ਦੇ ਜਿਊਂਦਾ ਹੋਣ ਦੇ ਬਾਵਜੂਦ ਵੀ ਅਨਾਥ ਹੋ ਗਏ। ਇਸ ਘਰ ’ਚ ਗਰੀਬੀ ਦੇ ਅਜਿਹੇ ਹਾਲਾਤ ਸਨ ਕਿ ਘਰ ਵਿਚ ਬੱਚਿਆਂ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਉਹ ਆਪਣੀ ਮਾਂ ਦਾ ਅੰਤਿਮ ਸੰਸਕਾਰ ਕਰ ਸਕਣ ਅਤੇ ਦੂਜੇ ਪਾਸੇ ਘਰੋਂ ਭੱਜ ਕੇ ਲਾਪਤਾ ਹੋਏ ਪਿਤਾ ਦਾ ਕੋਈ ਥਹੁ-ਪਤਾ ਨਹੀਂ ਸੀ। ਅਖ਼ੀਰ ਇਲਾਕੇ ਦੇ ਸਮਾਜ ਸੇਵੀ ਲੋਕਾਂ ਵਲੋਂ ਇਨ੍ਹਾਂ 6 ਅਨਾਥ ਹੋਏ ਬੱਚਿਆਂ ਦੀ ਮਾਂ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। 17 ਸਾਲਾ ਵੱਡੀ ਧੀ ਸੁਮਨ ਤੇ 13 ਸਾਲ ਦੀ ਕੁੜੀ ਪੂਜਾ ਉੱਪਰ ਆਪਣੇ ਤੋਂ ਛੋਟੇ ਭੈਣ-ਭਰਾ ਰਾਣੀ, ਸਨੀ, ਰਮਨ ਤੇ 5 ਮਹੀਨੇ ਦੇ ਬੱਚੇ ਕਾਰਤਿਕ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ, ਰੋਜ਼ਾਨਾ ਦੀ ਰੋਟੀ, ਘਰ ਦਾ ਕਿਰਾਇਆ ਅਤੇ ਹੋਰ ਆਰਥਿਕ ਬੋਝ ਆ ਪਏ, ਜਿਸ ਤੋਂ ਉਹ ਅਸਮਰੱਥ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, 2 ਨੌਜਵਾਨਾਂ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ
2 ਨਾਬਾਲਗ ਕੁੜੀਆਂ ਆਪਣੇ 4 ਭੈਣ-ਭਰਾਵਾਂ ਲਈ ਘਰਾਂ ’ਚ ਭਾਂਡੇ ਮਾਂਜਣ ਨੂੰ ਮਜਬੂਰ
ਮਾਂ ਦੀ ਮੌਤ ਤੇ ਪਿਤਾ ਦੇ ਜਾਣ ਤੋਂ ਬਾਅਦ 17 ਸਾਲਾ ਨਾਬਾਲਗ ਕੁੜੀ ਸੁਮਨ ਤੇ 13 ਸਾਲਾ ਪੂਜਾ ਇਸ ਉਮਰ ਵਿਚ ਪੜ੍ਹਨਾ ਦੀ ਥਾਂ ਆਪਣੇ 4 ਛੋਟੇ-ਛੋਟੇ ਭੈਣ-ਭਰਾਵਾਂ ਦੇ ਪਾਲਣ-ਪੋਸ਼ਣ ਲਈ ਘਰਾਂ ਵਿਚ ਭਾਂਡੇ ਮਾਂਜ ਰਹੀਆਂ ਹਨ ਪਰ ਇਸ ਮਹਿੰਗਾਈ ਦੇ ਯੁੱਗ ਵਿਚ ਘਰ ਦਾ ਕਿਰਾਇਆ, ਬਿਜਲੀ ਬਿੱਲ, ਰਾਸ਼ਨ ਤੇ ਆਪਣੇ 5 ਮਹੀਨੇ ਦੇ ਛੋਟੇ ਭਰਾ ਲਈ ਦੁੱਧ ਲਈ ਵੀ ਪੈਸੇ ਨਹੀਂ ਜੁੜਦੇ। ਸੁਮਨ ਨੇ ਦੱਸਿਆ ਕਿ ਉਹ ਦੋਵੇਂ ਭੈਣਾਂ ਲੋਕਾਂ ਦੇ ਘਰਾਂ ’ਚ ਕੰਮ ਕਰ ਕੇ 4 ਤੋਂ 5 ਹਜ਼ਾਰ ਰੁਪਏ ਕਮਾ ਲੈਣਗੀਆਂ ਪਰ 1800 ਰੁਪਏ ਘਰ ਦਾ ਕਿਰਾਇਆ, ਬਿਜਲੀ ਦੇ ਬਿੱਲ ਤੇ ਘਰ ਦਾ ਰਾਸ਼ਨ ਕਿਵੇਂ ਪੂਰਾ ਕਰਨਗੀਆਂ, ਇਹ ਜ਼ਿੰਦਗੀ ਜਿਊਣ ਦਾ ਸੰਘਰਸ਼ ਉਨ੍ਹਾਂ ਲਈ ਬਹੁਤ ਔਖਾ ਹੈ। ਦੋਵੇਂ ਨਾਬਾਲਗ ਭੈਣਾਂ ਨੇ ਦੱਸਿਆ ਕਿ ਉਹ ਬਾਕੀਆਂ ਵਾਂਗ ਭੀਖ ਮੰਗਣ ਦੀ ਬਜਾਏ ਮਿਹਨਤ ਕਰਕੇ ਆਪਣੇ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਕਰਨਗੀਆਂ। ਬੇਸ਼ੱਕ ਉਨ੍ਹਾਂ ਨੂੰ ਇਸ ਵੇਲੇ ਤਿੰਨ ਟਾਈਮ ਦੀ ਰੋਟੀ ਨਸੀਬ ਨਹੀਂ ਹੁੰਦੀ ਪਰ ਉਹ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਆਪਣੇ 4 ਛੋਟੇ ਭੈਣ-ਭਰਾਵਾਂ ਨੂੰ ਪੜ੍ਹ ਕੇ ਵਧੀਆ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਨਗੀਆਂ।
ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਨਾਬਾਲਗ ਅਨਾਥ ਬੱਚਿਆਂ ਦੀ ਸਾਰ ਲੈਣ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਛੀਵਾੜਾ ਸ਼ਹਿਰ ਦੇ ਰਾਈਆਂ ਮੁਹੱਲੇ ’ਚ ਰਹਿੰਦੇ 6 ਨਾਬਾਲਗ ਬੱਚਿਆਂ ਦੀ ਦਰਦ ਭਰੀ ਦਾਸਤਾਨ, ਸਿਰ ’ਤੇ ਰਹਿਣ ਲਈ ਪੱਕੀ ਛੱਤ ਨਹੀਂ, ਖਾਣ ਲਈ ਰੋਜ਼ਾਨਾ ਰੋਟੀ ਨਹੀਂ, ਪੜ੍ਹਾਈ ਤੋਂ ਵਾਂਝੇ ਹੋਣ ਵਾਲਿਆਂ ਦੀ ਸਾਰ ਲੈਣ ਲਈ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ