ਨਾਭਾ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਯੂਕ੍ਰੇਨ ਗਿਆ ਭਾਰਤੀ ਸਿੰਘ ਵਤਨ ਪਰਤਿਆ

Tuesday, Mar 01, 2022 - 12:43 PM (IST)

ਨਾਭਾ (ਖੁਰਾਣਾ) : ਯੂਕ੍ਰੇਨ ’ਤੇ ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ ਭਿਆਨਕ ਰੂਪ ਧਾਰ ਰਹੇ ਹਨ। ਇਸੇ ਦਰਮਿਆਨ ਯੂਕ੍ਰੇਨ ’ਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਿਆ ਜਾਵੇ। ‘ਆਪਰੇਸ਼ਨ ਗੰਗਾ’ ਤਹਿਤ ਯੂਕ੍ਰੇਨ ’ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ। ਅੱਜ ਯੂਕ੍ਰੇਨ ਤੋਂ ਨਾਭਾ ਪਹੁੰਚੇ ਭਾਰਤੀ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੈਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਮੁਫ਼ਤ ’ਚ ਯੂਕ੍ਰੇਨ ਤੋਂ ਭਾਰਤ ਜਹਾਜ਼ ’ਚ ਲਿਆਂਦਾ। ਭਾਰਤੀ ਸਿੰਘ ਦੇ ਪਰਿਵਾਰ ਨੇ ਆਪਣੇ ਲਾਡਲੇ ਪੁੱਤਰ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।

ਇਹ ਵੀ ਪੜ੍ਹੋ : ਪਿੰਡ ’ਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ; ਕੱਪੜੇ ਪਾੜੇ

ਯੂਕ੍ਰੇਨ ’ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਗਏ ਭਾਰਤੀ ਸਿੰਘ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਇਸ ਤਰ੍ਹਾਂ ਭਾਰਤ ਵਾਪਸ ਪਰਤਣਾ ਪਵੇਗਾ। ਰੂਸ ਅਤੇ ਯੂਕ੍ਰੇਨ ’ਚ ਆਪਸੀ ਯੁੱਧ ਨੇ ਸਾਰੇ ਵਿਦਿਆਰਥੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਹ ਆਪਣੀ ਜਾਨ ’ਤੇ ਖੇਡ ਕੇ ਭਾਰਤ ਨੂੰ ਪਰਤ ਰਹੇ ਹਨ। ਇਨ੍ਹਾਂ ’ਚੋਂ ਇਕ ਨਾਭਾ ਦਾ ਭਾਰਤੀ ਸਿੰਘ ਜੋ ਅੱਜ ਭਾਰਤ ਦੇ 250 ਵਿਦਿਆਰਥੀਆਂ ਦੇ ਨਾਲ ਸਫਰ ਕਰ ਕੇ ਨਾਭਾ ਪਹੁੰਚਿਆ। ਇਸ ਮੌਕੇ ਭਾਰਤੀ ਸਿੰਘ ਦੇ ਪਿਤਾ ਰਣਧੀਰ ਸਿੰਘ ਤੇ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਅਸੀਂ ਬਹੁਤ ਚਿੰਤਤ ਸੀ। ਰੋਜ਼ਾਨਾ ਆਪਣੇ ਬੇਟੇ ਨੂੰ ਫੋਨ ਕਰਦੇ ਸੀ। ਦਿਨੋ-ਦਿਨ ਹਾਲਾਤ ਖਰਾਬ ਹੋਣ ਕਾਰਨ ਪ੍ਰੇਸ਼ਾਨ ਸੀ ਪਰ ਸਾਡਾ ਬੇਟਾ ਘਰ ਵਾਪਸ ਆਇਆ ਹੈ। ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਲਈ ਸੁਖਜਿੰਦਰ ਰੰਧਾਵਾ ਨੇ ਕੀਤੀ ਭਾਰਤ ਸਰਕਾਰ ਤੋਂ ਇਹ ਮੰਗ

ਏਅਰ ਸਟ੍ਰਾਈਕ ਹੋਣ ’ਤੇ ਲੁਕ ਜਾਂਦੇ ਸੀ ਬੰਕਰਾਂ ’ਚ
ਭਾਰਤੀ ਸਿੰਘ ਨੇ ਦੱਸਿਆ ਕਿ ਯੂਕ੍ਰੇਨ ਦੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ, ਕਿਉਂਕਿ ਉਥੇ ਰਹਿਣ-ਸਹਿਣ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ। ਜਦੋਂ ਉੱਥੇ ਏਅਰ ਸਟ੍ਰਾਈਕ ਹੁੰਦੀ ਸੀ ਤਾਂ ਅਸੀਂ ਬੰਕਰਾਂ ’ਚ ਲੁਕ ਜਾਂਦੇ ਸੀ। ਹੁਣ ਹਾਲਾਤ ਹੋਰ ਖ਼ਰਾਬ ਹੁੰਦੇ ਜਾ ਰਹੇ ਹਨ। ਮੈਂ ਤਾਂ ਛੇਤੀ ਆ ਗਿਆ ਕਿਉਂਕਿ ਬਾਰਡਰ ਦੇ ਬਿਲਕੁੱਲ ਨਜ਼ਦੀਕ ਸੀ ਅਤੇ 9 ਕਿਲੋਮੀਟਰ ਤੁਰ ਕੇ ਰਸਤਾ ਤੈਅ ਕਰ ਕੇ ਮੈਂ ਉੱਥੇ ਪਹੁੰਚਿਆ ਜਿੱਥੋਂ ਬੱਸਾਂ ਰਾਹੀਂ ਸਾਨੂੰ ਏਅਰਪੋਰਟ ਲਈ ਭੇਜਿਆ ਗਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News