ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ; ਜਾਣੋ ਸੂਤਕ-ਕਾਲ ਤੇ ਪੂਜਾ-ਪਾਠ ਨਾਲ ਜੁੜਿਆ ਖ਼ਾਸ ਨਿਯਮ
Wednesday, Aug 26, 2026 - 08:19 PM (IST)
ਜੈਤੋ (ਰਘੁਨੰਦਨ ਪਰਾਸ਼ਰ): 28 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦਿਨ ਹੀ ਚੰਦਰ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਸ਼ੰਕੇ ਬਣੇ ਹੋਏ ਹਨ।
ਇਸ ਸਬੰਧੀ ਮਸ਼ਹੂਰ ਜੋਤਸ਼ੀਆਚਾਰਿਆ ਦਿਵੰਗਤ ਪੰਡਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਸਪੁੱਤਰ ਸ਼ਿਵ ਕੁਮਾਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਲ ਦਾ ਅਖ਼ੀਰਲਾ ਚੰਦਰ ਗ੍ਰਹਿਣ ਹੋਵੇਗਾ, ਜੋ ਭਾਰਤੀ ਸਮੇਂ ਮੁਤਾਬਕ ਸਵੇਰੇ 8.04 ਵਜੇ ਤੋਂ ਦੁਪਹਿਰ 11.22 ਵਜੇ ਤਕ ਰਹੇਗਾ। ਗ੍ਰਹਿਣ ਦਾ ਕੁੱਲ ਸਮਾਂ ਤਕਰੀਬਨ 3 ਘੰਟੇ 18 ਮਿੰਟ ਹੋਵੇਗਾ। ਇਹ ਚੰਦਰ ਗ੍ਰਹਿਣ ਬਾਰਤ ਵਿਚ ਕਿੱਧਰੇ ਵੀ ਨਜ਼ਰ ਨਹੀਂ ਆਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਜਿਸ ਵਿਚ ਗ੍ਰਹਿਣ ਦਿਖਾਈ ਨਹੀਂ ਦਿੰਦਾ, ਉਸ ਦੇਸ਼ ਵਿਚ ਗ੍ਰਹਿਣ ਦਾ ਕੋਈ ਪ੍ਰਭਾਅ ਨਹੀਂ ਹੁੰਦਾ। ਭਾਰਤ ਵਿਚ ਗ੍ਰਹਿਣ ਨਾ ਦਿਖਣ ਕਾਰਨ ਇਸ ਦਾ ਸ਼ੁੱਭ ਅਤੇ ਅਸ਼ੁੱਭ ਪ੍ਰਭਾਅ ਨਹੀਂ ਹੋਵੇਗਾ ਅਤੇ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਯਾਨੀ ਭਾਰਤ ਵਿਚ ਗ੍ਰਹਿਣ ਨਾ ਦਿਖਣ ਕਾਰਨ ਇੱਥੇ ਸੂਤਕ ਕਾਲ ਅਤੇ ਪੂਜਾ-ਪਾਠ ਨਾਲ ਜੁੜੇ ਨਿਯਮ ਲਾਗੂ ਨਹੀਂ ਹੋਣਗੇ ਅਤੇ ਇਸ ਦਾ ਰੱਖਣੀ ਬੰਨ੍ਹਣ ਦੇ ਸਮੇਂ 'ਤੇ ਕੋਈ ਅਸਰ ਨਹੀਂ ਪਵੇਗਾ। ਭੈਣਾਂ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਸਕਣਗੀਆਂ। ਦੱਸਣਯੋਗ ਹੈ ਕਿ ਇਹ ਚੰਦਰ ਗ੍ਰਹਿਣ ਮੁੱਖ ਰੂਪ ਵਿਚ ਅਮਰੀਕਾ, ਯੂਰਪ, ਅਫ਼ਰੀਕਾ ਅਤੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਦਿਖਾਈ ਦੇਵੇਗਾ।
