ਲੁਧਿਆਣਾ ਦੇ ਨੌਜਵਾਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ

Sunday, Jun 07, 2020 - 01:02 AM (IST)

ਲੁਧਿਆਣਾ ਦੇ ਨੌਜਵਾਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖ਼ੁਰਾਣਾ)- ਸਥਾਨਕ ਥਾਣਾ ਸਿਟੀ ਵਿਖੇ ਲੁਧਿਆਣਾ ਵਾਸੀ ਇੱਕ ਨੌਜਵਾਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ੍ਰੀ ਮੁਕਤਸਰ ਸਾਹਿਬ ਦੀ ਵਾਸੀ 22 ਸਾਲ ਦੀ ਲੜਕੀ ਨੇ ਦੱਸਿਆ ਕਿ ਉਹ ਕਰੀਬ ਡੇਢ ਸਾਲ ਪਹਿਲਾ ਬੈਂਗਲੋਰ ਵਿਖੇ ਇੱਕ ਹੇਅਰ ਸੈਲੂਨ 'ਤੇ ਪ੍ਰਾਈਵੇਟ ਨੌਕਰੀ ਕਰਦੀ ਸੀ ਅਤੇ ਇਸ ਦੌਰਾਨ ਉਸ ਦੀ ਜਾਣ ਪਛਾਣ ਬਬਲੂ ਪੁੱਤਰ ਰਾਧੇ ਸ਼ਾਮ ਵਾਸੀ ਜੋਧੇ ਵਾਲਾ ਬਸਤੀ ਲੁਧਿਆਣਾ ਨਾਲ ਹੋਈ। ਬਿਆਨਕਰਤਾ ਅਨੁਸਾਰ ਉਹਨਾਂ ਦੀ ਆਪਸ ਵਿਚ ਦੋਸਤੀ ਹੋ ਗਈ ਅਤੇ ਫੋਨ 'ਤੇ ਗੱਲਬਾਤ ਹੁੰਦੀ ਰਹੀ। 1 ਅਕਤੂਬਰ 2019 ਨੂੰ ਜਦ ਉਸ ਨੇ ਬੈਂਗਲੋਰ ਤੋਂ ਵਾਪਸ ਆਪਣੇ ਘਰ ਆਉਣਾ ਸੀ ਤਾਂ ਬਬਲੂ ਉਸ ਨੂੰ ਦਿੱਲੀ ਤੋਂ ਲੈ ਕੇ ਆਇਆ ਅਤੇ ਉਹ ਬਬਲੂ ਨਾਲ ਰਾਜਪੁਰਾ ਦੇ ਇੱਕ ਹੋਟਲ ਵਿਖੇ ਰਾਤ ਠਹਿਰੇ ਜਿੱਥੇ ਬਬਲੂ ਨੇ ਵਿਆਹ ਦਾ ਕਹਿ ਕੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ। 30 ਅਕਤੂਬਰ 2019 ਨੂੰ ਬਬਲੂ ਅਤੇ ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਮੰਗਣੀ ਹੋ ਗਈ ਅਤੇ 31 ਅਕਤੂਬਰ ਨੂੰ ਉਹ ਫਿਰ ਬਬਲੂ ਦੇ ਕਹਿਣ 'ਤੇ ਉਸ ਨੂੰ ਰਾਜਪੁਰਾ ਦੇ ਹੋਟਲ ਵਿਚ ਮਿਲੀ ਅਤੇ ਉਸਨੇ ਫਿਰ ਇਹ ਕਹਿ ਕੇ ਸਰੀਰਕ ਸਬੰਧ ਬਣਾਏ ਕਿ ਹੁਣ ਮੰਗਣੀ ਹੋ ਗਈ ਹੈ ਅਤੇ ਵਿਆਹ ਤਾਂ ਹੋ ਹੀ ਜਾਣਾ ਹੈ। 
ਬਿਆਨਕਰਤਾ ਲੜਕੀ ਅਨੁਸਾਰ ਇਸ ਤੋਂ ਬਾਅਦ ਉਹ ਅਕਸਰ ਬਬਲੂ ਦੇ ਘਰ ਲੁਧਿਆਣਾ ਵਿਖੇ ਜਾਂਦੀ ਤਾਂ ਬਬਲੂ ਦੀ ਮਾਤਾ ਗੀਤਾ ਰਾਣੀ ਵੀ ਘਰ ਹੁੰਦੀ ਸੀ ਤਾਂ ਬਬਲੂ ਨੇ ਉਸ ਨਾਲ ਉੱਥੇ ਵੀ ਸਰੀਰਕ ਸਬੰਧ ਬਣਾਏ, ਜਿਸ ਸਬੰਧੀ ਉਸ ਦੀ ਮਾਤਾ ਨੂੰ ਵੀ ਸਭ ਪਤਾ ਸੀ। ਲੜਕੀ ਅਨੁਸਾਰ ਉਸਨੇ ਬਬਲੂ ਕੁਮਾਰ ਨੂੰ ਮੋਬਾਇਲ ਫੋਨ ਤੱਕ ਲੈ ਕੇ ਦਿੱਤੇ ਅਤੇ ਉਸਦੇ ਦੋ ਬੈਂਕਾਂ ਦੇ ਏਟੀਐਮ ਕਾਰਡ ਵੀ ਬਬਲੂ ਕੋਲ ਹਨ। ਹੁਣ ਜਦ ਉਸਦੇ ਮਾਤਾ-ਪਿਤਾ ਨੇ ਬਬਲੂ ਨਾਲ ਵਿਆਹ ਦੀ ਗੱਲ ਕੀਤੀ ਤਾਂ ਬਬਲੂ ਅਤੇ ਉਸਦੀ ਮਾਤਾ ਨੇ ਵਿਆਹ ਤੋਂ ਸ਼ਰ੍ਹੇਆਮ ਮਨ੍ਹਾ ਕਰ ਦਿੱਤਾ। ਬਬਲੂ ਹੁਣ ਉਸ ਪਾਸੋਂ ਨਵੀਂ ਕਾਰ ਖਰੀਦਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ ਕਿ ਉਹ ਉਸ ਦੀਆਂ ਅਸ਼ਲੀਲ ਫੋਟੋਆਂ ਇੰਟਰਨੈਟ 'ਤੇ ਵਾਇਰਲ ਕਰੇਗਾ। ਪੁਲਿਸ ਨੇ ਲੜਕੀ ਦੇ ਬਿਆਨਾਂ 'ਤੇ ਬਬਲੂ  ਅਤੇ ਉਸਦੀ ਮਾਤਾ ਗੀਤਾ ਰਾਣੀ ਵਿਰੁੱਧ ਆਈ. ਪੀ. ਸੀ. ਦੀ ਧਾਰਾ 376,384, 506, 120ਬੀ ਅਤੇ 34 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਵਿਚ ਫਿਲਹਾਲ ਪੁਲਸ ਅਗਲੇਰੀ ਜਾਂਚ ਕਰ ਰਹੀ ਹੈ
 


author

Deepak Kumar

Content Editor

Related News