ਸਾਰੀ ਰਾਤ ਸੜਕ ''ਤੇ ਪਿਆ ਤੜਫਦਾ ਰਿਹਾ ਚੌਥੀ ਮੰਜ਼ਿਲ ਤੋਂ ਡਿਗਿਆ ਨੌਜਵਾਨ
Wednesday, Jan 27, 2016 - 12:18 PM (IST)
ਲੁਧਿਆਣਾ : ਇੱਥੋਂ ਦੇ ਨਿਊ ਕੋਰਟ ਕੰਪਲੈਕਸ ਦੀ ਚੌਥੀ ਮੰਜ਼ਿਲ ਤੋਂ ਮੰਗਲਵਾਰ ਦੀ ਦੇਰ ਰਾਤ ਇਕ ਨੌਜਵਾਨ ਹੇਠਾਂ ਡਿਗ ਗਿਆ ਅਤੇ ਸਾਰੀ ਰਾਤ ਦਰਦ ਨਾਲ ਤੜਫਦਾ ਰਿਹਾ। ਬੁੱਧਵਾਰ ਦੀ ਸਵੇਰ ਨੂੰ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਾਇਆ।
ਜਾਣਕਾਰੀ ਮੁਤਾਬਕ ਪੀੜਤ ਦੇ ਭਰਾ ਫਿਰੋਜ ਨੇ ਦੱਸਿਆ ਕਿ ਉਸ ਦਾ ਭਰਾ ਕੋਰਟ ਕੰਪਲੈਕਸ ਦੀ ਕੰਟੀਨ ''ਚ ਕੰਮ ਕਰਦਾ ਹੈ ਅਤੇ ਉੱਥੇ ਹੀ ਸੌਂਦਾ ਹੈ। ਉਸ ਨੇ ਦੋਸ਼ ਲਾਇਆ ਕਿ ਇੱਥੇ ਵਕੀਲ ਇਕ ਕੁੜੀ ਨੂੰ ਲੈ ਕੇ ਕੋਰਟ ਕੰਪਲੈਕਸ ''ਚ ਬਣੇ ਕੈਬਿਨ ''ਚ ਲੈ ਕੇ ਜਾ ਰਿਹਾ ਸੀ, ਜੋ ਉਸ ਦੇ ਭਰਾ ਨੇ ਦੇਖ ਲਿਆ। ਇਸੇ ਕਾਰਨ ਉਕਤ ਵਕੀਲ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਚੌਥੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ।
ਫਿਲਹਾਲ ਪੀੜਤ ਨੇ ਵੀ ਇਹੀ ਦੋਸ਼ ਲਾਇਆ ਹੈ ਕਿ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਕਤ ਲੋਕਾਂ ਨੇ ਉਸ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਸਾਰੀ ਰਾਤ ਸੜਕ ''ਤੇ ਪਿਆ ਤੜਫਦਾ ਰਿਹਾ। ਪੁਲਸ ਦਾ ਕਹਿਣਾ ਹੈ ਇਕ ਪੀੜਤ ਦੇ ਬਿਆਨਾਂ ਦੇ ਆਧਾਰ ''ਤੇ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
