ਘਬਰਾਹਟ ਸਿਟੀ ਕਦੇ ਵੀ ਸਮਾਰਟ ਸਿਟੀ ਨਹੀਂ ਬਣ ਸਕਦਾ

Saturday, Aug 12, 2017 - 10:48 AM (IST)

ਘਬਰਾਹਟ ਸਿਟੀ ਕਦੇ ਵੀ ਸਮਾਰਟ ਸਿਟੀ ਨਹੀਂ ਬਣ ਸਕਦਾ

ਲੁਧਿਆਣਾ (ਡੀ. ਐੱਸ. ਰਾਏ) : ਸਥਾਨਕ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਂਦੀ ਬਣਾਉਂਦੀ ਬਾਦਲ ਸਰਕਾਰ ਚਲੀ ਗਈ ਪਰ ਸਮਾਰਟ ਸਿਟੀ ਤਾਂ ਕੀ ਬਣਨੀ ਸੀ, ਉਸ ਦੀ ਇਕ ਝਲਕ ਵੀ ਦਿਖਾਈ ਨਾ ਦਿੱਤੀ। ਯਾਦ ਰਹੇ ਕਿ ਸਮਾਰਟ ਸਿਟੀ ਉਹ ਸ਼ਹਿਰ ਬਣ ਸਕਦਾ ਹੈ, ਜਿੱਥੇ ਕੋਈ ਕਾਨੂੰਨ ਕਾਇਦੇ ਹੋਣ ਅਤੇ ਫਿਰ ਸਮਾਰਟ ਸਿਟੀ ਬਣਾਉਣ ਵਾਲੇ ਸਬੰਧਤ ਅਧਿਕਾਰੀ/ਕਰਮਚਾਰੀ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਣ। ਇਹੋ ਜਿਹੀ ਕੋਈ ਗੱਲ ਨਹੀਂ ਦਿਸਦੀ, ਜਿਸ ਮੁਤਾਬਕ ਇਹ ਕਿਹਾ ਜਾ ਸਕੇ ਕਿ ਸਥਾਨਕ ਸ਼ਹਿਰ ਸਮਾਰਟ ਸਿਟੀ ਬਣਨ ਦੇ ਯੋਗ ਹੈ। ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ.) ਦੇ ਪ੍ਰਧਾਨ ਮਨਜੀਤ ਸਿੰਘ ਲਾਂਬਾ ਨੇ ਇਸ ਸ਼ਹਿਰ ਦੇ ਹਾਲਾਤ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਥੇ ਕਾਨੂੰਨ ਤਾਂ ਬਣੇ ਹੋਏ ਹਨ ਪਰ ਉਨ੍ਹਾਂ ਦੀ ਦੁਰਵਰਤੋਂ ਹੋਣ ਕਰ ਕੇ ਸ਼ਹਿਰ ਨੂੰ ਤਿੰਨ ਅਵੱਲੜੇ ਰੋਗ ਲੱਗੇ ਹੋਏ ਹਨ। ਜੋ ਲਾਇਲਾਜ ਬੀਮਾਰੀਆਂ ਦਾ ਰੂਪ ਧਾਰਨ ਕਰ ਚੁੱਕੇ ਹਨ। ਜਦੋਂ ਤੱਕ ਉਨ੍ਹਾਂ ਬੀਮਾਰੀਆਂ ਦਾ ਇਲਾਜ ਨਹੀਂ ਕੀਤਾ ਜਾਂ ਕਰਵਾਇਆ ਜਾਂਦਾ, ਉਦੋਂ ਤੱਕ ਸਮਾਰਟ ਸਿਟੀ ਦਾ ਨਾਂ ਲੈਣਾ ਵਾਜਿਬ ਨਹੀਂ।
ਉਕਤ ਵਰਨਣ ਤਿੰਨ ਬੀਮਾਰੀਆਂ ਵਿਚ ਸਭ ਤੋਂ ਨਾਮੁਰਾਦ ਬੀਮਾਰੀ ਹੈ, ਬੇਤਰਤੀਬੀ ਟ੍ਰੈਫਿਕ ਤੇ ਟ੍ਰੈਫਿਕ ਜਾਮ ਦੀ, ਜਿਸ ਦੇ ਹੱਲ ਲਈ ਵਿਸ਼ੇਸ਼ ਉਪਰਾਲਿਆਂ ਦੀ ਭਾਰੀ ਲੋੜ ਹੈ। ਟ੍ਰੈਫਿਕ ਸਮੱਸਿਆ ਹੈ ਕੀ ਅਤੇ ਇਸ ਦੇ ਮੁੱਖ ਅੰਸ਼ ਕਿਹੜੇ ਕਿਹੜੇ ਹਨ? ਸਭ ਤੋਂ ਪਹਿਲਾਂ ਤਾਂ ਇਥੇ ਖਾਸ ਵਰਨਣਯੋਗ ਗੱਲ ਇਹ ਹੈ ਕਿ ਇਥੇ ਟ੍ਰੈਫਿਕ ਦਾ ਹੜ੍ਹ ਆਇਆ ਹੋਇਆ ਹੈ ਅਤੇ ਇਸ ਹੜ੍ਹ ਵਿਚ ਲੋਕ ਰੁੜ੍ਹ ਰਹੇ ਹਨ, ਜਿਸ ਦੇ ਤਹਿਤ ਜਿਥੇ ਜੀਅ ਕੀਤਾ ਆਪਣਾ ਵਾਹਨ ਭਾਵੇਂ ਸੜਕ ਵਿਚਕਾਰ ਕਰ ਦਿਓ ਅਤੇ ਫਿਰ ਜਾਣ ਵਾਲੇ ਰਸਤਿਓਂ ਆਉਣ ਲਈ ਆਪਣੇ ਵਾਹਨ ਭਜਾਈ ਜਾਓ, ਕੋਈ ਪੁੱਛਦਾ ਹੀ ਨਹੀਂ ਅਤੇ ਨਾ ਹੀ ਰਾਂਗ ਸਾਈਡ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਕੋਈ ਸ਼ਰਮ ਹਯਾ ਹੈ। ਇਕ ਮੋਟਰਸਾਈਕਲ/ਸਕੂਟਰ ਤੇ ਚਾਰ ਵਿਅਕਤੀ ਬੈਠ ਕੇ ਗੋਲੀ ਵਾਂਗੂ ਭਜਾਈ ਜਾਓ। ਫਿਰ ਜਿੱਥੇ ਜੀਅ ਕਰੇ ਬਰੇਕਾਂ ਲਾ ਦਿਓ। ਲਾਲ ਬੱਤੀ ਦੀ ਬੇਸ਼ੱਕ ਪ੍ਰਵਾਹ ਨਾ ਕਰੋ, ਹਰੀ ਬੱਤ ਦੀ ਉਡੀਕ ਕਰਨ ਦੀ ਕੋਈ ਲੋੜ ਨਹੀਂ।
ਯਾਦ ਰਹੇ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਲਈ ਕਾਨੂੰਨ ਤਾਂ ਬਣਾਏ ਹੋਏ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਟ੍ਰੈਫਿਕ ਪੁਲਸ ਦੀ ਭੂਮਿਕਾ ਵਿਚ ਕੋਈ ਦਮ ਨਹੀਂ। ਟ੍ਰੈਫਿਕ ਪੁਲਸ ਤਾਂ ਬੱਸ ਚਲਾਨ ਹੀ ਚਲਾਨ ਕਰਨ ਵਿਚ ਲੱਗੀ ਰਹਿੰਦੀ ਹੈ ਪਰ ਟ੍ਰੈਫਿਕ ਨੂੰ ਨਿਰੰਤਰ ਚਲਾਉਣ ਲਈ ਇਹ ਕੋਈ ਹੱਲ ਨਹੀਂ। ਇਥੇ ਤਾਂ ਹਰ ਬਾਜ਼ਾਰ, ਹਰ ਸੜਕ, ਹਰ ਚੌਕ ਵਿਚ ਜਾਮ ਲੱਗੇ ਦਿਖਾਈ ਦਿੰਦੇ ਹਨ। ਫਿਰ ਇਸ ਤੋਂ ਉੱਪਰ ਗੰਦਗੀ ਤੇ ਬਦਬੂ ਦੀਆਂ ਸ਼ਰੇਆਮ ਨੁਮਾਇਸ਼ਾਂ ਅਤੇ ਫਿਰ ਰੇਹੜੀਆਂ-ਫੜ੍ਹੀਆਂ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਹੋਣ ਕਰ ਕੇ ਇਹ ਸ਼ਹਿਰ ਘਬਰਾਹਟ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਇਹ ਕਹਿਣਾ ਵਾਜਿਬ ਹੈ ਕਿ ਇਹ ਘਬਰਾਹਟ ਸਿਟੀ ਕਦੇ ਵੀ ਸਮਾਰਟ ਸਿਟੀ ਨਹੀਂ ਬਣ ਸਕਦੀ।


Related News