ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, 10 ਤਾਰੀਖ਼ ਨੂੰ ਮਿਲਣ ਵਾਲੀ ਹੈ ਵੱਡੀ ਰਾਹਤ
Thursday, Feb 08, 2024 - 11:08 AM (IST)
ਲੁਧਿਆਣਾ (ਹਿਤੇਸ਼) : ਐਲੀਵੇਟਿਡ ਰੋਡ ਦਾ ਅੱਧ-ਵਿਚਾਲੇ ਲਟਕਿਆ ਪ੍ਰਾਜੈਕਟ ਫਾਈਨਲ ਸਟੇਜ ’ਤੇ ਪੁੱਜ ਗਿਆ ਹੈ। ਇਸ ਦੇ ਤਹਿਤ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ’ਤੇ ਸੜਕ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਐਲੀਵੇਟਿਡ ਰੋਡ ਦੇ ਪ੍ਰਾਜੈਕਟ ਨੂੰ ਫੇਜ਼ ਵਾਈਜ਼ ਚਾਲੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪਹਿਲਾਂ ਫਿਰੋਜ਼ਪੁਰ ਰੋਡ ਤੋਂ ਨਹਿਰ ਤੱਕ ਫਿਰ ਭਾਈਬਾਲਾ ਚੌਂਕ ਤੱਕ ਦੇ ਹਿੱਸੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਿਆ ਗਿਆ ਹੈ।
ਭਾਵੇਂ ਭਾਈ ਬਾਲਾ ਚੌਂਕ ਤੋਂ ਅੱਗੇ ਜਗਰਾਓਂ ਪੁਲ ਵੱਲ ਜਾਣ ਵਾਲੇ ਫਲਾਈਓਵਰ ਨੂੰ ਵੀ ਦੀਵਾਲੀ ਤੋਂ ਪਹਿਲਾਂ ਚਾਲੂ ਕਰ ਦਿੱਤਾ ਗਿਆ ਸੀ ਪਰ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦਾ ਨਿਰਮਾਣ ਕਾਫੀ ਦੇਰ ਤੋਂ ਅੱਧ-ਵਿਚਾਲੇ ਲਟਕਿਆ ਹੋਇਆ ਹੈ। ਭਾਵੇਂ ਇਸ ਪਲਾਂਟ ਨੂੰ 26 ਜਨਵਰੀ ਨੂੰ ਮੁਕੰਮਲ ਕਰਨ ਦਾ ਟਾਰਗੈੱਟ ਰੱਖਿਆ ਗਿਆ ਸੀ ਪਰ ਘੱਟ ਤਾਪਮਾਨ ਦੌਰਾਨ ਸੜਕ ਨਾ ਬਣਨ ਕਾਰਨ ਇਹ ਟਾਰਗੈੱਟ ਪੂਰਾ ਨਹੀਂ ਹੋ ਸਕਿਆ। ਹੁਣ ਧੁੱਪ ਨਿਕਲਣ ਦੇ ਕੁੱਝ ਦਿਨ ਬਾਅਦ ਸੜਕ ’ਤੇ ਪ੍ਰੀਮਿਕਸ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 10 ਫਰਵਰੀ ਨੂੰ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦਾ ਟ੍ਰੈਫਿਕ ਲਈ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜ੍ਹੋ : CM ਮਾਨ ਪੰਜਾਬੀਆਂ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ, ਰਜਿਸਟਰੀਆਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ
ਸਾਹਮਣੇ ਆਈਆਂ ਚੌਂਕ ਦੀਆਂ ਖ਼ਾਮੀਆਂ, ਲਾਉਣੇ ਹੋਣਗੇ ਟ੍ਰੈਫਿਕ ਸਿਗਨਲ
ਐਲੀਵੇਟਿਡ ਰੋਡ ਦਾ ਪ੍ਰਾਜੈਕਟ ਪੂਰਾ ਹੋਣ ਤੋਂ ਪਹਿਲਾਂ ਉਸ ਵਿਚ ਤਕਨੀਕੀ ਖ਼ਾਮੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਵਿਚ ਭਾਰਤ ਨਗਰ ਚੌਂਕ ਦੇ ਡਿਜ਼ਾਈਨ ਦਾ ਪਹਿਲੂ ਮੁੱਖ ਰੂਪ ’ਚ ਸ਼ਾਮਲ ਹੈ, ਜਿੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ। ਇਸ ਦੇ ਮੱਦੇਨਜ਼ਰ ਰੋਡ ਸੇਫਟੀ ਐਡਵਾਈਜ਼ਰ ਨਵਦੀਪ ਅਮੀਜਾ ਵੱਲੋਂ ਮੰਗਲਵਾਰ ਨੂੰ ਸਾਈਟ ਵਿਜ਼ਿਟ ਕੀਤੀ ਗਈ, ਉਨ੍ਹਾਂ ਨਾਲ ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਡਾਇਰੈਕਟਰ ਅਸ਼ੋਕ ਕੁਮਾਰ, ਏ. ਡੀ. ਸੀ. ਪੀ. ਗੁਰਪ੍ਰੀਤ ਪੁਰੇਵਾਲ ਅਤੇ ਐੱਨ. ਜੀ. ਓ. ਰਾਹੁਲ ਵਰਮਾ ਮੌਜੂਦ ਸਨ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚੌਂਕ ਦੇ ਚਾਰੇ ਪਾਸੇ ਸੜਕਾਂ ਦੀ ਚੌੜਾਈ ਇਕ ਬਰਾਬਰ ਨਹੀਂ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ’ਚ ਸਮੱਸਿਆ ਆ ਰਹੀ ਹੈ, ਜਿਸ ਦੇ ਮੱਦੇਨਜ਼ਰ ਡਿਜ਼ਾਈਨ ’ਚ ਬਦਲਾਅ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਇਸ ਦਾ ਫ਼ੈਸਲਾ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦੇ ਚਾਲੂ ਹੋਣ ਤੋਂ ਬਾਅਦ ਵਾਹਨਾਂ ਦੇ ਲੋਡ ਦੇ ਹਿਸਾਬ ਨਾਲ ਕੀਤਾ ਜਾਵੇਗਾ। ਇਸ ਦੇ ਇਲਾਵਾ ਜਗਰਾਓਂ ਪੁਲ ਅਤੇ ਈ. ਐੱਸ. ਆਈ. ਰੋਡ ਵੱਲੋਂ ਆਉਣ ਅਤੇ ਫਿਰੋਜ਼ਪੁਰ ਰੋਡ ਤੋਂ ਆਉਣ ਅਤੇ ਮਾਲ ਰੋਡ ਵੱਲ ਜਾਣ ਵਾਲੇ ਵਾਹਨਾਂ ਦੇ ਇਕ ਪੁਆਇੰਟ ’ਤੇ ਆਹਮਣੇ-ਸਾਹਮਣੇ ਹੋਣ ਦੀ ਸਮੱਸਿਆ ਦੇ ਹੱਲ ਲਈ ਚੌਂਕ ’ਚ ਟ੍ਰੈਫਿਕ ਸਿਗਨਲ ਲਗਾਉਣ ਦੀ ਸਿਫਾਰਿਸ਼ ਰੋਡ ਸੇਫਟੀ ਅਡਵਾਈਜ਼ਰ ਵੱਲੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8