ਲੁਧਿਆਣਾ ''ਚ ਚੱਲਦੇ ਟਰੱਕ ਨੂੰ ਲੱਗ ਗਈ ਅੱਗ! ਸੜਕ ''ਤੇ ਕਈ ਕਿੱਲੋਮੀਟਰ ਤਕ ਦੌੜਿਆ ''ਮੌਤ ਦਾ ਗੋਲਾ''

Friday, May 08, 2026 - 07:05 PM (IST)

ਲੁਧਿਆਣਾ ''ਚ ਚੱਲਦੇ ਟਰੱਕ ਨੂੰ ਲੱਗ ਗਈ ਅੱਗ! ਸੜਕ ''ਤੇ ਕਈ ਕਿੱਲੋਮੀਟਰ ਤਕ ਦੌੜਿਆ ''ਮੌਤ ਦਾ ਗੋਲਾ''

ਲੁਧਿਆਣਾ (ਰਾਜ): ਪੱਖੋਵਾਲ ਰੋਡ ਦੇ ਨਾਰੰਗਵਾਲ ਚੌਂਕ ਦੇ ਕੋਲ ਇਕ ਚੱਲਦੇ ਟਰੱਕ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਮੰਜ਼ਰ ਇੰਨਾ ਖੌਫਨਾਕ ਸੀ ਕਿ ਰੂੰ ਨਾਲ ਲੱਦਿਆ ਹੋਇਆ ਉਹ ਟਰੱਕ ਚੱਲਦੇ-ਫਿਰਦੇ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਿਆ ਅਤੇ ਕਈ ਕਿਲੋਮੀਟਰ ਤੱਕ ਸੜਕ 'ਤੇ 'ਮੌਤ' ਬਣ ਕੇ ਦੌੜਦਾ ਰਿਹਾ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਦੂਰ-ਦੂਰ ਤੱਕ ਅਸਮਾਨ ਵਿਚ ਕਾਲੇ ਧੂੰਏਂ ਦਾ ਗੁਬਾਰ ਛਾ ਗਿਆ ਅਤੇ ਸੜਕ 'ਤੇ ਚੱਲ ਰਹੇ ਹੋਰ ਵਾਹਨ ਚਾਲਕਾਂ ਦੇ ਹੱਥ-ਪੈਰ ਫੁੱਲ ਗਏ। 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਟਰੱਕ ਸੜਕ 'ਤੇ ਅੱਗ ਦਾ ਗੋਲਾ ਬਣ ਕੇ ਦੌੜ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਇਹ ਹਾਦਸਾ ਕਿਸੇ ਵੱਡੇ ਹਾਦਸੇ ਵਿਚ ਬਦਲ ਸਕਦਾ ਸੀ, ਜੇਕਰ ਟਰੱਕ ਦਾ ਡਰਾਈਵਰ ਆਪਣੀ ਸੂਝਬੂਝ ਨਾ ਦਿਖਾਉਂਦਾ। ਜਿਵੇਂ ਹੀ ਟਰੱਕ ਵਿਚ ਤਕਨੀਕੀ ਖਰਾਬੀ ਕਾਰਨ ਅੱਗ ਲੱਗੀ, ਡਰਾਈਵਰ ਨੇ ਆਪਾ ਨਹੀਂ ਖੋਇਆ। ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਟਰੱਕ ਰੋਕਣ ਦੀ ਬਜਾਏ ਉਹ ਜਲਦੇ ਹੋਏ ਟਰੱਕ ਨੂੰ ਕਰੀਬ 4 ਤੋਂ 5 ਕਿਲੋਮੀਟਰ ਤੱਕ ਭਜਾ ਕੇ ਇਕ ਖਾਲੀ ਮੈਦਾਨ ਵੱਲ ਲੈ ਗਿਆ। ਅੱਗ ਦੀ ਤਪਸ਼ ਇੰਨੀ ਜ਼ਿਆਦਾ ਸੀ ਕਿ ਟਰੱਕ ਦਾ ਲੋਹਾ ਪਿਘਲਣ ਲੱਗ ਪਿਆ ਸੀ, ਉਸ ਦਾ ਇੱਕੋ-ਇੱਕ ਟੀਚਾ ਟਰੱਕ ਨੂੰ ਭੀੜ-ਭੜੱਕੇ ਵਾਲੇ ਇਲਾਕੇ ਤੋਂ ਦੂਰ ਲੈ ਕੇ ਜਾਣਾ ਸੀ ਤਾਂ ਜੋ ਕੋਈ ਬੇਗੁਨਾਹ ਇਸ ਦੀ ਲਪੇਟ ਵਿਚ ਨਾ ਆਏ। ਖਾਲੀ ਜਗ੍ਹਾ 'ਤੇ ਟਰੱਕ ਨੂੰ ਸੁਰੱਖਿਅਤ ਖੜ੍ਹਾ ਕਰਨ ਤੋਂ ਬਾਅਦ ਡਰਾਈਵਰ ਉੱਥੋਂ ਕਿਤੇ ਗਾਇਬ ਹੋ ਗਿਆ, ਜਿਸ ਦੀ ਤਲਾਸ਼ ਹੁਣ ਜਾਰੀ ਹੈ। ਸਥਾਨਕ ਨਿਵਾਸੀਆਂ ਨੇ ਜਦੋਂ ਇਸ ਭਿਆਨਕ ਮੰਜ਼ਰ ਨੂੰ ਦੇਖਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ, ਜਦੋਂ ਤੱਕ ਅੱਗ ਬੁਝਾਈ ਜਾਂਦੀ, ਉਦੋਂ ਤੱਕ ਟਰੱਕ ਵਿਚ ਲੱਦੀ ਹੋਈ ਲੱਖਾਂ ਰੁਪਏ ਦੀ ਰੂੰ ਸੁਆਹ ਦੇ ਢੇਰ ਵਿਚ ਬਦਲ ਚੁੱਕੀ ਸੀ ਅਤੇ ਟਰੱਕ ਦਾ ਢਾਂਚਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।


author

Anmol Tagra

Content Editor

Related News