ਲੁਧਿਆਣਾ 'ਚ ਪੁਲਸ ਦੀ ਦਾਦਾਗਿਰੀ, ਥਾਣੇ ਬਾਹਰ ਬੈਠੇ ਲੋਕਾਂ ਨੂੰ ਕੁੱਟਿਆ, ਪੱਤਰਕਾਰਾਂ ਨੂੰ ਵੀ ਮਾਰੇ ਧੱਕੇ (ਵੀਡੀਓ)

Thursday, Sep 08, 2022 - 11:28 AM (IST)

ਲੁਧਿਆਣਾ (ਸਿਆਲ) : ਲੁਧਿਆਣਾ 'ਚ ਦੇਰ ਰਾਤ ਥਾਣ ਡਵੀਜ਼ਨ ਨੰਬਰ-3 ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਬਰਾੜ ਅਤੇ ਉਨ੍ਹਾਂ ਦੇ ਗੰਨਮੈਨ ਨੇ ਦਾਦਾਗਿਰੀ ਦਿਖਾਈ। ਥਾਣੇ ਦੇ ਬਾਹਰ ਧਰਨਾ ਦੇ ਰਹੇ ਲੋਕਾਂ ਨੂੰ ਜਿੱਥੇ ਐੱਸ. ਐੱਚ. ਓ. ਨੇ ਜੰਮ ਕੇ ਕੁੱਟਿਆ, ਉੱਥੇ ਹੀ ਧਰਨੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ ਅਤੇ ਗਾਲ੍ਹਾਂ ਕੱਢੀਆਂ। ਜਾਣਕਾਰੀ ਮੁਤਾਬਕ 7 ਦਿਨ ਪਹਿਲਾਂ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਏ ਰਾਜਾ ਬਜਾਜ ਦੀ ਮੰਗਲਵਾਰ ਰਾਤ ਵਿਸ਼ਾਲ ਗਿੱਲ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਵਿਸ਼ਾਲ ਗਿੱਲ ਨੇ ਰਾਜਾ ਬਜਾਜ ਤੇ ਉਸ ਦੇ ਦੋਸਤਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿੱਗਣ ਦੇ ਮਾਮਲੇ 'ਚ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਝੂਲਾ ਬਣਿਆ ਕੇਸ ਪ੍ਰਾਪਰਟੀ

ਇਸ ਮਾਮਲੇ ਦੀ ਸ਼ਿਕਾਇਤ ਦੇਣ ਰਾਜਾ ਬਜਾਜ ਥਾਣਾ ਡਵੀਜ਼ਨ ਨੰਬਰ-3 'ਚ ਗਿਆ ਸੀ। ਪੁਲਸ ਨੇ ਦੇਰ ਰਾਤ ਤੱਕ ਰਾਜਾ ਬਜਾਜ ਨੂੰ ਥਾਣੇ 'ਚ ਹੀ ਬਿਠਾਈ ਰੱਖਿਆ। ਇਸ ਗੱਲ ਦਾ ਵਿਰੋਧ ਕਰਦੇ ਹੋਏ ਰਾਜਾ ਬਜਾਜ ਦੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਥਾਣੇ ਬਾਹਰ ਇਕੱਠੇ ਹੋ ਗਏ ਅਤੇ ਐੱਸ. ਐੱਚ. ਓ. ਸੁਖਦੇਵ ਸਿੰਘ ਬਰਾੜ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਐੱਸ. ਐੱਚ. ਓ. ਸੁਖਦੇਵ ਬਰਾੜ ਆਪਣੇ ਗੰਨਮੈਨ ਨਾਲ ਮੌਕੇ 'ਤੇ ਪਹੁੰਚੇ। ਆਉਂਦੇ ਹੀ ਉਨ੍ਹਾਂ ਨੇ ਤਲਖ਼ੀ ਭਰੇ ਤੇਵਰ ਦਿਖਾਉਂਦੇ ਹੋਏ ਧਰਨਾਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਰਾਜਾ ਬਜਾਜ ਦੇ ਖ਼ਿਲਾਫ਼ 307 ਦਾ ਮਾਮਲਾ ਦਰਜ ਕੀਤਾ ਹੈ ਕਿਉਂਕਿ ਜਦੋਂ ਗੋਲੀਆਂ ਚੱਲੀਆਂ ਤਾਂ ਰਾਜਾ ਬਜਾਜ ਵੱਲੋਂ ਵੀ ਹਮਲਾ ਹੋਇਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਸਲ ਸੱਚ ਨੇ ਹਰ ਕਿਸੇ ਨੂੰ ਕਰ ਛੱਡਿਆ ਹੱਕਾ-ਬੱਕਾ (ਵੀਡੀਓ)

ਇਸ ਦੌਰਾਨ ਰਾਜਾ ਦੇ ਪਰਿਵਾਰਕ ਮੈਂਬਰਾਂ ਨਾਲ ਆਏ ਵਕੀਲ ਨੇ ਐੱਸ. ਐੱਚ. ਓ. ਤੋਂ ਪੁੱਛਿਆ ਕਿ ਪੁਲਸ ਨੇ ਉਨ੍ਹਾਂ ਨੂੰ ਬਿਨਾ ਸੂਚਿਤ ਕੀਤੇ ਮਾਮਲਾ ਦਰਜ ਕਰਕੇ ਰਾਜਾ ਨੂੰ ਥਾਣੇ 'ਚ ਬਿਠਾ ਲਿਆ, ਜਦੋਂ ਕਿ ਇਹ ਗਲਤ ਹੈ। ਇਸ ਦੌਰਾਨ ਪੱਤਰਕਾਰਾਂ ਨੇ ਐੱਸ. ਐੱਚ. ਓ. ਨੂੰ ਇਸ ਘਟਨਾਕ੍ਰਮ ਬਾਰੇ ਸਵਾਲ ਪੁੱਛੇ। ਐੱਸ. ਐੱਚ. ਓ. ਬਰਾੜ ਅਤੇ ਉਨ੍ਹਾਂ ਦੇ ਗੰਨਮੈਨ ਨੇ ਧਰਨਾਕਾਰੀਆਂ ਨੂੰ ਕੁੱਟਿਆ ਅਤੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ। ਫਿਲਹਾਲ ਪੁਲਸ ਦੀ ਇਸ ਦਹਿਸ਼ਤਗਰਦੀ ਦੌਰਾਨ ਇਲਾਕੇ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਗੁੱਸੇ 'ਚ ਆਏ ਪੱਤਰਕਾਰਾਂ ਨੇ ਰਾਤ 3 ਵਜੇ ਤੱਕ ਥਾਣੇ ਦਾ ਘਿਰਾਓ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News