ਪੰਜਾਬ ਆਏ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਬਿਆਨਾਂ ''ਤੇ ਭੜਕੇ ਸ਼ਾਹੀ ਇਮਾਮ, ਕੇਸ ਕਰਨ ਦੀ ਦਿੱਤੀ ਚੇਤਾਵਨੀ

Tuesday, Sep 29, 2026 - 06:13 PM (IST)

ਪੰਜਾਬ ਆਏ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਬਿਆਨਾਂ ''ਤੇ ਭੜਕੇ ਸ਼ਾਹੀ ਇਮਾਮ, ਕੇਸ ਕਰਨ ਦੀ ਦਿੱਤੀ ਚੇਤਾਵਨੀ

ਲੁਧਿਆਣਾ (ਰਾਜ): ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਮਹਾਨਗਰ ਵਿਚ ਚੱਲ ਰਹੀ ਸ਼੍ਰੀ ਹਨੂਮੰਤ ਕਥਾ ਦੇ ਮੰਚ ਤੋਂ ਦਿੱਤੇ ਗਏ ਕਥਿਤ ਬਿਆਨਾਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸਾਨੀ ਨੇ ਧੀਰੇਂਦਰ ਸ਼ਾਸਤਰੀ ਦੇ ਬਿਆਨਾਂ 'ਤੇ ਬੇਹੱਦ ਸਖ਼ਤ ਵਿਰੋਧ ਦਰਜ ਕਰਵਾਉਂਦੇ ਹੋਏ ਇਸ ਨੂੰ ਪੰਜਾਬ ਦੇ ਸਦੀਆਂ ਪੁਰਾਣੇ ਆਪਸੀ ਸਦਭਾਵ, ਸ਼ਾਂਤੀ ਅਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਾਰ ਦਿੱਤਾ ਹੈ। ਸ਼ਾਹੀ ਇਮਾਮ ਨੇ ਦੋ ਟੁੱਕ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਧੀਰੇਂਦਰ ਸ਼ਾਸਤਰੀ ਆਪਣੀਆਂ ਵਿਵਾਦਤ ਟਿੱਪਣੀਆਂ ਤੁਰੰਤ ਵਾਪਸ ਲੈਣ, ਨਹੀਂ ਤਾਂ ਉਨ੍ਹਾਂ ਅਤੇ ਕਥਾ ਦੇ ਪ੍ਰਬੰਧਕਾਂ ਖ਼ਿਲਾਫ਼ ਪੁਲਸ ਵਿਚ ਕੇਸ ਦਰਜ ਕਰਵਾਇਆ ਜਾਵੇਗਾ।

ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਅਤੇ ਉਦਯੋਗਿਕ ਵਿਕਾਸ ਵਿਚ ਲੁਧਿਆਣਾ ਸ਼ਹਿਰ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਧਰਮ ਦੀ ਕਥਾ ਜਾਂ ਧਰਮ ਪ੍ਰਚਾਰ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਸੰਵਿਧਾਨ ਹਰ ਕਿਸੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦਾ ਹੈ, ਪਰ ਧਾਰਮਿਕ ਮੰਚਾਂ ਦੀ ਦੁਰਵਰਤੋਂ ਕਰਕੇ ਨਫ਼ਰਤ ਫੈਲਾਉਣਾ, ਸਮਾਜ ਨੂੰ ਵੰਡਣਾ ਅਤੇ ਇਸਲਾਮ ਧਰਮ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨਾ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹੇ ਉਹ ਖ਼ੁਦ ਹੋਣ ਜਾਂ ਕੋਈ ਹੋਰ ਧਰਮ ਪ੍ਰਚਾਰਕ, ਸਭ ਦਾ ਪਹਿਲਾ ਫ਼ਰਜ਼ ਸਮਾਜ ਵਿਚ ਮੁਹੱਬਤ, ਅਮਨ ਅਤੇ ਆਪਸੀ ਸਾਂਝ ਦਾ ਸੰਦੇਸ਼ ਦੇਣਾ ਹੈ।

ਪੰਜਾਬ ਦੀ ਇਤਿਹਾਸਕ ਅਤੇ ਅਧਿਆਤਮਿਕ ਵਿਰਾਸਤ ਦਾ ਜ਼ਿਕਰ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਇਹ ਧਰਤੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ, ਜਿਨ੍ਹਾਂ ਨੇ ਹਮੇਸ਼ਾ ਸੰਵਾਦ ਅਤੇ ਸਰਬ-ਸਾਂਝੀਵਾਲਤਾ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਬਾਬਾ ਫ਼ਰੀਦ ਸ਼ਕਰਗੰਜ ਦੀ ਭੂਮੀ ਹੈ, ਜਿਨ੍ਹਾਂ ਦੀ ਬਾਣੀ ਅੱਜ ਵੀ ਫ਼ਿਜ਼ਾਵਾਂ ਵਿਚ ਮਿਠਾਸ ਘੋਲਦੀ ਹੈ। ਇਸ ਧਰਤੀ ਨਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਬੀ ਖ਼ਾਨ, ਗ਼ਨੀ ਖ਼ਾਨ, ਦੀਵਾਨ ਟੋਡਰਮੱਲ ਅਤੇ ਹਜ਼ਰਤ ਸਾਈਂ ਮੀਆਂ ਮੀਰ ਦਾ ਅਮਰ ਇਤਿਹਾਸ ਜੁੜਿਆ ਹੋਇਆ ਹੈ। ਸਾਈਂ ਮੀਆਂ ਮੀਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਨੀਂਹ ਰੱਖੀ ਸੀ ਅਤੇ ਅੱਜ ਵੀ ਪੰਜਾਬ ਦੇ ਪਿੰਡਾਂ ਵਿਚ ਹਿੰਦੂ ਤੇ ਸਿੱਖ ਭਰਾ ਮਸਜਿਦਾਂ ਦੇ ਨਿਰਮਾਣ ਲਈ ਜ਼ਮੀਨਾਂ ਦਾਨ ਕਰਦੇ ਹਨ। ਅਜਿਹੀ ਪਵਿੱਤਰ ਅਤੇ ਇਤਿਹਾਸਕ ਧਰਤੀ 'ਤੇ ਆ ਕੇ ਨਫ਼ਰਤ ਦਾ ਬੀਜ ਬੀਜਣਾ ਬੇਹੱਦ ਮੰਦਭਾਗਾ ਹੈ।

ਕਥਾ ਦੌਰਾਨ ਧੀਰੇਂਦਰ ਸ਼ਾਸਤਰੀ ਵੱਲੋਂ ਸ਼ਰਧਾਲੂਆਂ ਨੂੰ ਵਾਰ-ਵਾਰ 'ਲੁਧਿਆਣਾ ਦੇ ਪਾਗਲੋ' ਕਹਿ ਕੇ ਸੰਬੋਧਨ ਕਰਨ 'ਤੇ ਵੀ ਸ਼ਾਹੀ ਇਮਾਮ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਬੇਹੱਦ ਸੂਝਵਾਨ, ਸੰਜੀਦਾ, ਇੱਜ਼ਤਦਾਰ ਅਤੇ ਮਿਲਨਸਾਰ ਹਨ। ਕਥਾਵਾਚਕ ਉਨ੍ਹਾਂ ਨੂੰ ਪਾਗਲ ਸਮਝਣ ਦੀ ਭੁੱਲ ਨਾ ਕਰਨ। ਲੁਧਿਆਣਾ ਦੇ ਲੋਕ ਹਰ ਧਰਮ ਅਤੇ ਆਸਥਾ ਦਾ ਸਤਿਕਾਰ ਕਰਨਾ ਜਾਣਦੇ ਹਨ। ਉਨ੍ਹਾਂ ਯਾਦ ਦਿਵਾਇਆ ਕਿ 1947 ਦੇ ਖ਼ੂਨੀ ਵੰਡ ਦਾ ਦੌਰ ਵੀ ਇੱਥੋਂ ਦੇ ਵਾਸੀਆਂ ਦੇ ਆਪਸੀ ਪ੍ਰੇਮ ਅਤੇ ਕੌਮੀ ਏਕਤਾ ਨੂੰ ਖ਼ਤਮ ਨਹੀਂ ਕਰ ਸਕਿਆ ਸੀ, ਤਾਂ ਅੱਜ ਨਫ਼ਰਤ ਫੈਲਾਉਣ ਵਾਲੇ ਇਸ ਨੂੰ ਕੀ ਤੋੜਨਗੇ।

ਕਥਾਵਾਚਕ ਵੱਲੋਂ ਚੀਨ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਸਵਾਲ ਚੁੱਕਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਜਿਸ ਡਿਜੀਟਲ ਤਕਨਾਲੋਜੀ ਅਤੇ ਆਧੁਨਿਕ ਕੈਮਰਿਆਂ ਰਾਹੀਂ ਉਨ੍ਹਾਂ ਦੀ ਗੱਲ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ, ਉਹ ਵੀ ਚੀਨ ਦੀ ਤਕਨਾਲੋਜੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਸ਼ੇਸ਼ ਤੌਰ 'ਤੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਚੀਨ ਨਾਲ ਵੱਡੇ ਪੱਧਰ 'ਤੇ ਵਪਾਰਕ ਸਬੰਧ ਹਨ। ਅਜਿਹੇ ਵਿਚ ਅੰਤਰਰਾਸ਼ਟਰੀ ਅਤੇ ਗੁਆਂਢੀ ਦੇਸ਼ਾਂ ਦੇ ਮੁੱਦਿਆਂ 'ਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਨਾ ਬਚਕਾਨਾ ਹੈ। 

ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਜੇਕਰ ਧੀਰੇਂਦਰ ਸ਼ਾਸਤਰੀ ਨੇ ਆਪਣੇ ਵਿਵਾਦਤ ਬੋਲ ਵਾਪਸ ਨਾ ਲਏ, ਤਾਂ ਪੰਜਾਬ ਦੇ ਆਪਸੀ ਭਾਈਚਾਰੇ ਦੀ ਰਾਖੀ ਲਈ ਹਰ ਸੰਭਵ ਕਾਨੂੰਨੀ ਅਤੇ ਲੋਕਤੰਤਰਿਕ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਥਾਵਾਚਕ ਅਤੇ ਆਯੋਜਨ ਕਮੇਟੀ ਖ਼ਿਲਾਫ਼ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ, ਪੰਜਾਬ ਦੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਅਟੁੱਟ ਬਣਾਏ ਰੱਖਣ ਲਈ ਜਲਦ ਹੀ ਸਾਰੇ ਧਰਮਾਂ— ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਦੇ ਮੁੱਖ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਸਾਂਝੀ ਬੈਠਕ ਬੁਲਾਈ ਜਾਵੇਗੀ।
 


author

Anmol Tagra

Content Editor

Related News