ਲੁੱਟ ਮਾਮਲਾ : ਸਕਿਓਰਿਟੀ ਗਾਰਡ ਦੀਆਂ ਅੱਖਾਂ 'ਚ ਪਹਿਲਾਂ ਪਾਈਆਂ ਮਿਰਚਾਂ, ਫਿਰ ਮੂੰਹ 'ਚ ਕੱਪੜਾ ਤੁੰਨ ਬੰਨ੍ਹੇ ਹੱਥ-ਪੈਰ
Tuesday, Jun 13, 2023 - 12:52 PM (IST)
ਲੁਧਿਆਣਾ (ਰਾਜ) : ਇੱਥੇ ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ’ਚ ਪੁਲਸ ਦੇ ਹੱਥ ਅਜੇ ਖ਼ਾਲੀ ਹਨ। ਸੀ. ਸੀ. ਟੀ. ਵੀ. ਦੀ ਫੁਟੇਜ ਤੋਂ ਇਲਾਵਾ ਉਨ੍ਹਾਂ ਦੇ ਹੱਥ ਅਜੇ ਕੋਈ ਠੋਸ ਸੁਰਾਗ ਨਹੀਂ ਲੱਗ ਸਕਿਆ, ਜਦੋਂ ਕਿ ਏਜੰਸੀ ਦੇ ਮੈਨੇਜਰ ਪ੍ਰਵੀਨ ਕੁਮਾਰ ਨੇ ਪੁਲਸ ਐੱਫ. ਆਈ. ਆਰ. ’ਚ ਵਾਰਦਾਤ ਦੀ ਪੂਰੀ ਕਹਾਣੀ ਦੱਸੀ ਹੈ। ਸਵੇਰੇ ਉਸ ਨੂੰ ਦਫ਼ਤਰ ’ਚ ਮੌਜੂਦ ਸਕਿਓਰਿਟੀ ਗਾਰਡ ਅਮਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕਰੀਬ 2 ਵਜੇ 8-10 ਅਣਪਛਾਤੇ ਲੁਟੇਰੇ ਕੰਪਨੀ ਦੇ ਦਫ਼ਤਰ ’ਚ ਆਏ। ਉਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਅਤੇ ਉਨ੍ਹਾਂ ਕੋਲ ਹਥਿਆਰ ਸਨ। ਲੁਟੇਰਿਆਂ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਦੇ ਅਤੇ ਉਸ ਦੇ ਸਾਥੀ ਗਾਰਡ ਬਲਵੰਤ ਅਤੇ ਪਰਮਦੀਨ ਦੀਆਂ ਅੱਖਾਂ ’ਚ ਮਿਰਚਾ ਪਾ ਦਿੱਤੀਆਂ। ਇਸ ਤੋਂ ਬਾਅਦ ਕੁੱਟਮਾਰ ਕੀਤੀ, ਉਹ ਰੌਲਾ ਨਾ ਪਾ ਸਕਣ, ਇਸ ਦੇ ਲਈ ਉਨ੍ਹਾਂ ਦੇ ਮੂੰਹ ’ਚ ਕੱਪੜਾ ਤੁੰਨ ਦਿੱਤਾ, ਫਿਰ ਸਾਡੇ ਹੱਥ-ਪੈਰ ਰੱਸੀ ਨਾਲ ਬੰਨ੍ਹ ਦਿੱਤੇ। ਉਨ੍ਹਾਂ ਦੀਆਂ ਰਾਈਫਲਾਂ ਖੋਹ ਕੇ ਉਨ੍ਹਾਂ ਨੂੰ ਅੰਦਰ ਬਣੇ ਸਰਵਰ ਰੂਮ ’ਚ ਬੰਦ ਕਰ ਦਿੱਤਾ। ਫਿਰ ਸਰਵਰ ਰੂਮ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਲੱਗਾ ਡੀ. ਵੀ. ਆਰ. ਪੁੱਟ ਲਿਆ ਅਤੇ ਸਕਿਓਰਿਟੀ ਸਿਸਟਮ ਦੀਆਂ ਤਾਰਾਂ ਕੱਟ ਦਿੱਤੀਆਂ। ਉਨ੍ਹਾਂ ਤੋਂ ਇਲਾਵਾ ਕੈਸ਼ ਵਾਲੇ ਕਮਰੇ ’ਚ ਏਜੰਸੀ ਦੇ ਮੁਲਾਜ਼ਮ ਹਿੰਮਤ ਸਿੰਘ ਅਤੇ ਹਰਮਿੰਦਰ ਸਿੰਘ ਸਨ। ਮੁਲਜ਼ਮਾਂ ਨੇ ਉਨ੍ਹਾਂ ਦੇ ਮੂੰਹ ’ਤੇ ਵੀ ਟੇਪ ਲਗਾ ਕੇ ਬੰਦੀ ਬਣ ਲਿਆ। ਸਾਰਿਆਂ ਦੇ ਮੋਬਾਇਲ ਲੈ ਕੇ ਮੁਲਜ਼ਮਾਂ ਨੇ ਉੱਥੇ ਹੀ ਤੋੜ ਦਿੱਤੇ ਤਾਂ ਕਿ ਉਹ ਕਿਸੇ ਨਾਲ ਸੰਪਰਕ ਨਾ ਕਰ ਸਕਣ। ਲੁਟੇਰਿਆਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਕੋਈ ਰੌਲਾ ਪਾਏਗਾ ਤਾਂ ਉਹ ਗੋਲੀ ਮਾਰ ਦੇਣਗੇ।
ਇਸ ਲਈ ਸਾਰੇ ਕਾਫੀ ਡਰ ਗਏ ਸਨ। ਇਸ ਤੋਂ ਬਾਅਦ ਲੁਟੇਰਿਆਂ ਨੇ ਕੈਸ਼ ਏਜੰਸੀ ਦੀ ਕੈਸ਼ ਵੈਨ ’ਚ ਰੱਖਿਆ ਅਤੇ ਫ਼ਰਾਰ ਹੋ ਗਏ। ਉੱਧਰ, 2 ਦਿਨਾਂ ਬਾਅਦ ਪੁਲਸ ਨੇ ਚੁੱਪ ਤੋੜੀ ਹੈ। ਏ. ਡੀ. ਸੀ. ਪੀ.-3 ਸ਼ੁਭਮ ਅਗਰਵਾਲ ਘਟਨਾ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਬ੍ਰੀਫ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਕੈਸ਼ ਵੈਨ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਇਲਾਵਾ ਉਨ੍ਹਾਂ ਦੇ ਹੱਥ ’ਚ ਕੋਈ ਠੋਸ ਕਲੂ ਨਹੀਂ ਲੱਗ ਸਕਿਆ। ਪੁਲਸ ਕਮਿਸ਼ਨਰ ਵਲੋਂ ਕਰੀਬ 10 ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕਰਨ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੌਕੀਮਾਨ ਟੋਲ ਪਲਾਜ਼ਾ ’ਤੇ ਜਿਨ੍ਹਾਂ 2 ਗੱਡੀਆਂ ਨੇ ਟੋਲ ਬੈਰੀਅਰ ਤੋੜਿਆ ਸੀ, ਉਹ ਲੁਟੇਰਿਆਂ ਦੀ ਨਹੀਂ, ਸਗੋਂ ਨਸ਼ੇ ’ਚ ਟੱਲੀ ਨੌਜਵਾਨਾਂ ਦੀਆਂ ਸਨ। ਉਨ੍ਹਾਂ ਨੇ ਨਸ਼ੇ ਦੀ ਹਾਲਤ ’ਚ ਟੋਲ ਬੈਰੀਅਰ ਤੋੜਿਆ ਸੀ। ਹੁਣ ਪੁਲਸ ਬਾਕੀ ਗੱਡੀਆਂ ਦੀ ਭਾਲ ’ਚ ਲੱਗੀ ਹੋਈ ਹੈ, ਜੋ ਉਸ ਸਮੇਂ ਟੋਲ ਬੈਰੀਅਰ ਤੋਂ ਨਿਕਲੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਸਾਫ਼ ਹੈ ਕਿ ਏਜੰਸੀ ਦੀ ਸਕਿਓਰਿਟੀ ਸਿਸਟਮ ਵਿਚ ਤਾਂ ਲੈਪਸ ਹੋਏ ਹੀ ਹਨ, ਜਿਸ ਕਿਸੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਹ ਪੂਰੀ ਤਰ੍ਹਾਂ ਇਸ ਜਗ੍ਹਾ ਤੋਂ ਵਾਕਿਫ ਸੀ। ਕੰਧਾਂ ਤੋਂ ਲੈ ਕੇ ਇਮਾਰਤ ਦੀ ਕੋਈ ਵੀ ਜਗ੍ਹਾ ਕੋਈ ਜ਼ਿਆਦਾ ਸੇਫ ਨਹੀਂ ਸੀ। ਕੰਪਨੀ ਦੇ ਦਫ਼ਤਰ ਦੀਆਂ ਕਈ ਅਜਿਹੀਆਂ ਚੀਜ਼ਾਂ ਹਨ, ਜੋ ਸਕਿਓਰਿਟੀ ਪੈਰਾਮੀਟਰਸ ’ਤੇ ਖਰਾ ਨਹੀਂ ਉੱਤਰਦੀਆਂ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਇਸ ਇਲਾਕੇ 'ਚ ਪਾਣੀ ਨੂੰ ਲੈ ਕੇ ਮਚੀ ਹਾਹਾਕਾਰ, ਲੋਕ ਹੋ ਰਹੇ ਹਾਲੋਂ-ਬੇਹਾਲ
ਡਬਲ ਡਿਊਟੀ ਕਾਰਨ ਰੈਸਟ ਕਰ ਰਹੇ ਸਨ ਗਾਰਡ, ਇਸ ਲਈ ਮੁਲਜ਼ਮ ਹੋ ਗਏ ਹਾਵੀ
ਏ. ਡੀ. ਸੀ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਏਜੰਸੀ ਦੇ ਅੰਦਰ 5 ਮੁਲਜ਼ਮ ਸਨ। ਇਕ ਡਿਊਟੀ ਤੋਂ ਆਫ ਸੀ ਅਤੇ ਸੌਂ ਰਿਹਾ ਸੀ, ਜਦੋਂਕਿ 2 ਨੌਜਵਾਨ ਪੈਸੇ ਗਿਣ ਰਹੇ ਸਨ। ਡਿਊਟੀ ਦੇਣ ਵਾਲੇ ਦੋਵੇਂ ਸੁਰੱਖਿਆ ਮੁਲਾਜ਼ਮ ਡਬਲ ਡਿਊਟੀ ਕਰ ਰਹੇ ਸਨ। ਦਿਨ ਤੋਂ ਬਾਅਦ ਰਾਤ ਨੂੰ ਡਿਊਟੀ ਦੇਣ ਕਾਰਨ ਕਾਫੀ ਥੱਕੇ ਹੋਏ ਸਨ ਅਤੇ ਉਨ੍ਹਾਂ ਨੂੰ ਵੀ ਨੀਂਦ ਆ ਰਹੀ ਸੀ। ਇਸੇ ਦੌਰਾਨ ਲੁਟੇਰਿਆਂ ਨੇ ਧਾਵਾ ਬੋਲਿਆ। ਸਕਿਓਰਿਟੀ ਗਾਰਡ ਥੱਕੇ ਹੋਣ ਕਾਰਨ ਲੁਟੇਰੇ ਉਨ੍ਹਾਂ ’ਤੇ ਹਾਵੀ ਹੋ ਗਏ ਅਤੇ ਗਾਰਡਾਂ ਨੂੰ ਗੋਲੀ ਚਲਾਉਣ ਤੱਕ ਦਾ ਮੌਕਾ ਨਹੀਂ ਦਿੱਤਾ। ਇਹ ਘਟਨਾ 3 ਤੋਂ ਸਾਢੇ 3 ਵਜੇ ਦੀ ਹੈ।
ਇਹ ਵੀ ਪੜ੍ਹੋ : ਸਫ਼ਾਈ ਮੁਲਾਜ਼ਮ ਨੂੰ ਜਾਨਵਰਾਂ ਵਾਂਗ ਖਿੱਚ ਕੇ ਲੈ ਗਈ ਪੁਲਸ, ਰੌਂਗਟੇ ਖੜ੍ਹੇ ਕਰ ਦੇਵੇਗੀ ਥਰਡ ਡਿਗਰੀ ਤਸ਼ੱਦਦ ਦੀ ਕਹਾਣੀ
ਕਈ ਸ਼ੱਕੀਆਂ ਤੋਂ ਹੋ ਰਹੀ ਪੁੱਛਗਿੱਛ
ਏ. ਡੀ. ਸੀ. ਪੀ. ਸ਼ੁੱਭਮ ਅਗਰਵਾਲ ਨੇ ਦੱਸਿਆ ਕਿ ਕਈ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਕਈਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ’ਚ ਬਹੁਤ ਹੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਟ੍ਰੈਕ ਮੂਵਮੈਂਟ ਚੈੱਕ ਕੀਤੀ ਗਈ ਹੈ। ਪੁਲਸ ਕਾਫੀ ਅੱਗੇ ਤੱਕ ਪੁੱਜ ਗਈ ਹੈ। ਜਲਦ ਹੀ ਮੁਲਜ਼ਮਾਂ ਦਾ ਵੀ ਪਤਾ ਲਗਾ ਲਿਆ ਜਾਵੇਗਾ।
ਕੋਟਕਪੂਰਾ ਤੋਂ 3 ਸ਼ੱਕੀ ਚੁੱਕਣ ਦੀ ਚਰਚਾ
ਸੂਤਰਾਂ ਮੁਤਾਬਕ ਲੁਧਿਆਣਾ ਪੁਲਸ ਮੁਲਜ਼ਮਾਂ ਦੀ ਮੂਵਮੈਂਟ ਟ੍ਰੈਕ ਕਰ ਰਹੀ ਸੀ। ਇਸ ਲਈ ਪੁਲਸ ਟ੍ਰੇਸ ਕਰਦੇ ਹੋਏ ਕੋਟਕਪੂਰਾ ਤੱਕ ਪੁੱਜ ਗਈ, ਜਿੱਥੋਂ ਇਕ ਘਰ ’ਚੋਂ 3 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਹਾਲਾਂਕਿ ਪੁਲਸ ਨੇ ਕਿਹਾ ਕਿ ਉਕਤ ਨੌਜਵਾਨਾਂ ਦਾ ਲੁੱਟ ਨਾਲ ਕੋਈ ਸਬੰਧ ਨਹੀਂ ਹੈ। ਪੁਲਸ ਦੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਸਰਚ ਚੱਲ ਰਹੀ ਹੈ। ਇਸ ਦੇ ਲਈ ਉੱਥੋਂ ਦੀ ਲੋਕਲ ਪੁਲਸ ਦੀ ਮਦਦ ਲਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ