ਅੰਮ੍ਰਿਤਸਰ: ਪੁਲਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ, ਭਗੌੜੇ ਮੁਲਜ਼ਮ ਦੇ ਪੈਰ ’ਚ ਲੱਗੀ ਗੋਲੀ
Thursday, Nov 05, 2026 - 12:28 AM (IST)
ਅੰਮ੍ਰਿਤਸਰ (ਜਸ਼ਨ) - ਕਮਿਸ਼ਨਰੇਟ ਪੁਲਸ ਹੋਏ ਇਕ ਐਨਕਾਊਂਟਰ ਦੌਰਾਨ ਭਗੌੜੇ ਮੁਲਜ਼ਮ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਐਨਕਾਊਂਟਰ ਦੌਰਾਨ ਮੁਲਜ਼ਮ ਨੇ ਪੁਲਸ ਪਾਰਟੀ ’ਤੇ ਦੋ ਫਾਇਰ ਕੀਤੇ, ਜਿਸ ਦੇ ਜਵਾਬ ’ਚ ਪੁਲਸ ਵੱਲੋਂ ਕੀਤੀ ਗਈ ਕਾਰਵਾਈ ’ਚ ਇਕ ਗੋਲੀ ਉਸ ਦੇ ਪੈਰ ’ਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਇਸ ਸਾਰੇ ਆਪ੍ਰੇਸ਼ਨ ਬਾਰੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਪੁਲਸ ਜ਼ਿਲਾ ਬਟਾਲਾ ਦੇ ਪਿੰਡ ਕਾਦੀਆਂ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਸੱਤ ਗੰਭੀਰ ਧਾਰਾਵਾਂ ਤਹਿਤ ਅਪਰਾਧਿਕ ਮਾਮਲੇ ਦਰਜ ਹਨ ਅਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਕੀਤਾ ਜਾ ਚੁੱਕਾ ਸੀ। ਮੁਲਜ਼ਮ ਨੇ ਹਾਲ ਹੀ ’ਚ ਆਪਣੇ ਸਾਥੀਆਂ ਨਾਲ ਮਿਲ ਕੇ ਬਟਾਲਾ ’ਚ ਇਕ ਮਨੀ ਐਕਸਚੇਂਜਰ ਦੀ ਦੁਕਾਨ ’ਤੇ ਪਿਸਤੌਲ ਦੀ ਨੋਕ ’ਤੇ 2.5 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਆਕਾਸ਼ਦੀਪ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ ਜੇਲ ’ਚ ਬੰਦ ਗੈਂਗਸਟਰ ਅੰਗਰੇਜ਼ ਨੂੰ ਪੁਲਸ ਹਿਰਾਸਤ ਤੋਂ ਛੁਡਾਉਣ ਦੀ ਯੋਜਨਾ ਬਣਾ ਰਿਹਾ ਸੀ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 32 ਬੋਰ ਦੀ ਪਿਸਤੌਲ, ਦੋ ਚੱਲੇ ਹੋਏ ਖੋਲ, ਤਿੰਨ ਜ਼ਿੰਦਾ ਕਾਰਤੂਸ ਅਤੇ ਅੰਮ੍ਰਿਤਸਰ ਨਾਲ ਸਬੰਧਤ ਨੰਬਰ ਦਾ ਇਕ ਸਕੂਟਰ ਵੀ ਬਰਾਮਦ ਕੀਤਾ ਹੈ। ਉੱਥੇ ਹੀ ਸਾਜ਼ਿਸ਼ ’ਚ ਸ਼ਾਮਲ ਬਾਕੀ ਚਾਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
