ਕੋਰੋਨਾ ਦੀ ਦਹਿਸ਼ਤ : ਵਿਸ਼ਵ ਪ੍ਰਸਿੱਧ ''ਜਰਗ ਦਾ ਮੇਲਾ'' ਰੱਦ, ਸ਼ਰਧਾਲੂਆਂ ''ਚ ਨਿਰਾਸ਼ਾ
Tuesday, Mar 17, 2020 - 04:18 PM (IST)
ਖੰਨਾ (ਵਿਪਨ) : ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਮਹਾਂਮਾਰੀ ਬਣਦਾ ਜਾ ਰਿਹਾ ਹੈ, ਉੱਥੇ ਹੀ ਭਾਰਤ 'ਚ ਵੀ ਕੇਂਦਰ ਸਰਕਾਰ ਨੇ ਇਸ ਵਾਇਰਸ ਕਾਰਨ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਅਤੇ ਭੀੜ ਵਾਲੀਆਂ ਥਾਵਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸੇ ਕਾਰਨ ਖੰਨਾ ਦੇ ਨੇੜਲੇਵਿਸ਼ਵ ਪ੍ਰਸਿੱਧ ਪਿੰਡ ਜਰਗ 'ਚ ਲੱਗਣ ਵਾਲਾ ਮੇਲਾ ਵੀ ਇਸ ਤੋਂ ਬਚ ਨਹੀਂ ਸਕਿਆ ਹੈ। ਇੱਥੇ ਲੱਗਣ ਵਾਲੇ 'ਜਰਗ ਦੇ ਮੇਲੇ' ਨੂੰ ਮੰਦਰ ਕਮੇਟੀ ਵਲੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਦੂਰ-ਦੂਰ ਤੋਂ ਆਉਣ ਵਾਲੇ ਸ਼ਰਧਾਲੂ ਕਾਫੀ ਨਿਰਾਸ਼ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਭਗਵਾਨ ਨੂੰ ਵੀ ਕੋਰੋਨਾ ਦਾ ਖੌਫ, ਸਾਈਂ ਬਾਬਾ ਨੂੰ ਪਹਿਨਾਇਆ ਮਾਸਕ
'ਚੱਲ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ..' ਬੋਲਾਂ ਨਾਲ 'ਜਰਗ ਮੇਲੇ' ਦੀ ਪ੍ਰਸਿੱਧੀ ਦਾ ਪਤਾ ਲੱਗਦਾ ਹੈ। ਇਸ ਮੇਲੇ ਦੀ ਮਹਾਨਤਾ ਇਹ ਹੈ ਕਿ ਇੱਥੇ ਦੂਰ-ਦੂਰ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ਼ੀਤਲਾ ਮਾਤਾ ਦੇ ਦਰ 'ਤੇ ਮੱਥਾ ਟੇਕਣ ਆਉਂਦੇ ਹਨ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ। ਇਸ ਵਾਰ ਜਰਗ ਦੇ ਮੇਲੇ ਨੂੰ ਕੋਰੋਨਾ ਵਾਇਰਸ ਕਾਰਨ ਰੱਦ ਕਰ ਦਿੱਤਾ ਗਿਆ ਹੈ ਅਤੇ ਦੂਰ-ਦੂਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਬਾਰੇ 'ਚ ਕੋਈ ਸੂਚਨਾ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : 'ਮਾਂ ਚਿੰਤਪੁਰਨੀ ਦਰਬਾਰ' ਅਗਲੇ ਹੁਕਮਾਂ ਤੱਕ ਬੰਦ, ਸ਼ਰਧਾਲੂ ਨਹੀਂ ਕਰ ਸਕਣਗੇ ਦਰਸ਼ਨ
ਮੰਦਰ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ ਮੇਲਾ ਰੱਦ ਕੀਤਾ ਗਿਆ ਹੈ। ਇਸ ਮੇਲੇ 'ਚ ਦੂਰੋਂ-ਦੂਰੋਂ ਲੱਖਾਂ ਦੀ ਗਿਣਤੀ 'ਚ ਲੋਕ ਨਤਮਸਤਕ ਹੋ ਕੇ ਆਪਣੀਆਂ ਤਕਲੀਫਾਂ ਦੂਰ ਕਰਵਾਉਂਦੇ ਹਨ। ਸ਼ਰਧਾਲੂਆਂ ਨੂੰ ਮੰਦਰ 'ਚ ਜਾਣ ਤੋਂ ਰੋਕਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਹੀ ਇਹ ਮੇਲਾ ਰੱਦ ਕੀਤਾ ਗਿਆ ਹੈ।
ਜਾਣੋ ਮੇਲੇ ਦਾ ਇਤਿਹਾਸ
ਪੰਜਾਬ ਦੇ ਅਮੀਰ ਵਿਰਸੇ ਅਤੇ ਅਨਮੋਲ ਵੰਨਗੀਆਂ ਦੀ ਗਵਾਹੀ ਭਰਦਾ, ਪੰਜਾਬੀ ਸੱਭਿਆਚਾਰ ਨਾਲੋਂ ਟੁੱਟਦੇ ਜਾ ਰਹੇ ਲੋਕਾਂ ਨੂੰ ਆਪਣੇ ਮੂਲ ਨਾਲ ਜੋੜਨ ਵਾਲਾ ਦੁਨੀਆ ਭਰ 'ਚ ਮਸ਼ਹੂਰ 'ਜਰਗ ਦੇ ਪਹਿਲੇ ਮੇਲੇ ਨੂੰ ਵੱਡਾ ਮੇਲਾ ਵੀ ਕਿਹਾ ਜਾਂਦਾ ਹੈ। ਸਦੀਆਂ ਤੋਂ ਅਮਨ-ਸ਼ਾਂਤੀ ਨਾਲ ਭਰਨ ਵਾਲੇ 'ਜਰਗ ਦੇ ਮੇਲਿਆਂ' 'ਤੇ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਬੜੀ ਹੀ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ। ਜਰਗ ਦੇ ਇਹ ਮੇਲੇ ਪੰਜਾਬੀ ਏਕਤਾ ਤੇ ਧਰਮ ਨਿਰਪੱਖਤਾ ਦੇ ਸੈਂਕੜੇ ਸਾਲਾਂ ਤੋਂ ਪ੍ਰਤੀਕ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਡਰ, ਸਿੱਧੀਵਿਨਾਇਕ ਮੰਦਰ 'ਚ ਸ਼ਰਧਾਲੂਆਂ ਦੀ ਐਂਟਰੀ ਬੰਦ
ਲੁਧਿਆਣਾ ਦੇ ਘੁੱਗ ਵਸਦਾ ਪਿੰਡ ਜਰਗ, ਜਿਸ ਨੂੰ ਲਗਭਗ ਢਾਈ ਹਜ਼ਾਰ ਸਾਲ ਪਹਿਲਾਂ 1150 ਈ. 'ਚ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ। ਇਸ ਪਵਿੱਤਰ ਸਥਾਨ 'ਤੇ ਲਗਭਗ 6 ਸਦੀਆਂ ਤੋਂ ਲੱਗਣ ਵਾਲਾ ਇਹ ਮੇਲਾ ਚੇਤ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਪਵਿੱਤਰ ਅਸਥਾਨ 'ਤੇ ਲੱਗਦਾ ਹੈ, ਜਿਸ ਲਈ ਇਕ ਮਹੀਨਾ ਪਹਿਲਾਂ ਹੀ ਇਸ ਪਿੰਡ ਦੇ ਸਾਰੇ ਘਰਾਂ 'ਚ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਪਿੰਡ ਦੀਆਂ ਦੂਰ-ਦੁਰਾਡੇ ਵਿਆਹੀਆਂ ਧੀਆਂ ਆਪਣੇ ਪਰਿਵਾਰਾਂ ਸਮੇਤ ਪੇਕੇ ਘਰ ਪੁੱਜ ਕੇ ਮੇਲੇ 'ਚ ਸ਼ਾਮਲ ਹੁੰਦੀਆਂ ਹਨ। ਪਿੰਡ ਵਾਸੀ ਵੀ ਵੱਖ-ਵੱਖ ਪਕਵਾਨ ਤਿਆਰ ਕਰਕੇ ਆਏ ਮਹਿਮਾਨਾਂ ਦੀ ਆਓ-ਭਗਤ ਕਰਦੇ ਹਨ। ਇਸ ਪਵਿੱਤਰ ਅਸਥਾਨ 'ਤੇ ਪ੍ਰਮੁੱਖ ਤੌਰ 'ਤੇ ਚਾਰ ਮੰਦਰ ਹਨ, ਜਿਨ੍ਹਾਂ 'ਚ ਸੀਤਲਾ ਮਸਾਣੀ ਜਾਂ ਵੱਡੀ ਮਾਤਾ, ਬਸੰਤੀ ਜਾਂ ਨਿੱਕੀ ਮਾਤਾ, ਮਾਤਾ ਮਦਾਨਦ-ਮਾਤਾ ਕਾਲੀ ਅਤੇ ਬਾਬਾ ਫਰੀਦ ਸ਼ਕਰਗੰਜ ਦੇ ਹਨ।
ਇਹ ਵੀ ਪੜ੍ਹੋ : ਮਾਛੀਵਾੜਾ 'ਚ 'ਕੋਰੋਨਾ' ਕਾਰਨ ਮੰਦਰ 'ਚ ਹੋਣ ਵਾਲਾ ਜਗਰਾਤਾ ਰੱਦ