ਲੁਧਿਆਣਾ ਜ਼ਿਲ੍ਹੇ 'ਚ 292 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, 9 ਦੀ ਹੋਈ ਮੌਤ

Tuesday, Aug 18, 2020 - 08:47 PM (IST)

ਲੁਧਿਆਣਾ ਜ਼ਿਲ੍ਹੇ 'ਚ 292 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, 9 ਦੀ ਹੋਈ ਮੌਤ

ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਦੇ ਚੱਲ ਰਹੇ ਕਹਿਰ ਤੋਂ ਏ. ਆਈ. ਜੀ. ਕ੍ਰਾਈਮ ਭੁਪਿੰਦਰ ਸਿੰਘ ਸਮੇਤ 10 ਪੁਲਸ ਮੁਲਾਜ਼ਮ, 8 ਹੈਲਥ ਕੇਅਰ ਵਰਕਰ ਅਤੇ 5 ਗਰਭਵਤੀ ਔਰਤਾਂ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਈਆਂ ਹਨ। ਅੱਜ 292 ਨਵੇਂ ਮਰੀਜ਼ ਸਾਹਮਣੇ ਆਏ, ਜਦੋਂਕਿ 9 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ 292 ਮਰੀਜ਼ਾਂ ਵਿਚੋਂ 26 ਮਰੀਜ਼ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਹਨ, ਜਦੋਂਕਿ ਮ੍ਰਿਤਕ ਮਰੀਜ਼ਾਂ ’ਚੋਂ 8 ਜ਼ਿਲੇ ਦੇ ਹਨ, 1 ਕਾਂਗੜਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਹੁਣ ਤੱਕ 7089 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਇਨ੍ਹਾਂ ’ਚੋਂ 265 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਤੋਂ ਸਥਾਨਕ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਮਰੀਜ਼ਾਂ ’ਚੋਂ 766 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ’ਚੋਂ 59 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਲਿਸਟ ’ਚੋਂ 3 ਮ੍ਰਿਤਕ ਮਰੀਜ਼ ਹੋਏ ਗਾਇਬ

ਕੱਲ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ 257 ਮਰੀਜ਼ਾਂ ਦੇ ਵਾਇਰਸ ਕਾਰਨ ਮਰਨ ਦੀ ਗੱਲ ਕਹੀ ਗਈ ਸੀ, ਜਦੋਂਕਿ ਅੱਜ ਦੇ ਪ੍ਰੈੱਸ ਨੋਟ ’ਚ ਮ੍ਰਿਤਕਾਂ ਦੀ ਗਿਣਤੀ 254 ਦਰਸਾਈ ਗਈ ਹੈ। ਪ੍ਰੈੱਸ ਨੋਟ ਵਿਚ ਕਿਤੇ ਵੀ ਇਸ ਦਾ ਕਰਨ ਨਹੀਂ ਦੱਸਿਆ ਗਿਆ। ਜਦੋਂ ਇਸ ਸਬੰਧੀ ਜ਼ਿਲਾ ਮਲੇਰੀਆ ਅਫਸਰ ਨੂੰ ਫੋਨ ਲਾਇਆ ਜਾਂਦਾ ਹੈ ਤਾਂ ਉਹ ਜਾਣ-ਬੁੱਝ ਕੇ ਫੋਨ ਨਹੀਂ ਚੁੱਕਦੇ। ਜਦੋਂਕਿ ਪੰਜਾਬ ਵੱਲੋਂ ਜਾਰੀ ਕੀਤੀ ਗਈ ਰਿਪੋਰਟ ’ਚ ਅੱਜ 264 ਮਰੀਜ਼ਾਂ ਦੇ ਮਰਨ ਦੀ ਗੱਲ ਕਹੀ ਗਈ ਹੈ।

2624 ਸ਼ੱਕੀਆਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 2624 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਲੈਬ ਵਿਚ ਭੇਜੇ ਹਨ, ਉਦੋਂ ਤੱਕ ਉਨ੍ਹਾਂ ਨੂੰ 89,735 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 87,286 ਸੈਂਪਲਾਂ ਦੀ ਰਿਪੋਰਟ ਇਸ ਵਿਭਾਗ ਨੂੰ ਮਿਲ ਚੁੱਕੀ ਹੈ, ਜਿਸ ਵਿਚੋਂ 79,431 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ ਹਨ।

2449 ਸੈਂਪਲਾਂ ਦੀ ਰਿਪੋਰਟ ਪੈਂਡਿੰਗ

ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ’ਚੋਂ 2449 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।

448 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ

ਸਿਹਤ ਵਿਭਾਗ ਵੱਲੋਂ ਅੱਜ 448 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਮੌਜੂਦਾ ਵਿਚ 5191 ਮਰੀਜ਼ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਨਾਮ        ਪਤਾ        ਹਸਪਤਾਲ

ਸਨੇਹ ਲਤਾ (65)        ਰੂਪਾ ਮਿਸਤਰੀ ਸਟਰੀਟ        ਰਜਿੰਦਰਾ ਹਸਪਤਾਲ ਪਟਿਆਲਾ

ਹਰਸਿਮਰਨ ਸਿੰਘ (60)        ਪਿੰਡ ਚੱਕ ਸਰਵਨ ਨਾਥ        ਫੋਰਟਿਸ ਹਸਪਤਾਲ

ਗੁਰਭੇਜ ਸਿੰਘ (56)        ਅਮਰ ਨਗਰ, ਜਲੰਧਰ ਬਾਈਪਾਸ        ਫੋਰਟਿਸ ਹਸਪਤਾਲ

ਹਰਜੀਤ ਕੌਰ (59)        ਮਾਡਲ ਟਾਊਨ ਐਕਸਟੈਂਸ਼ਨ        ਸਿਵਲ ਹਸਪਤਾਲ

ਖਰੈਤੀ ਲਾਲ (70)        ਵਿਸ਼ਵਕਰਮਾ ਕਾਲੋਨੀ        ਦੀਪਕ ਹਸਪਤਾਲ

ਸੰਗੀਤਾ (45)        ਕੋਟ ਮੰਗਲ ਸਿੰਘ        ਐੱਸ. ਪੀ. ਐੱਸ. ਹਸਪਤਾਲ

ਅਮਨ ਕੁਮਾਰ (27)        ਪਿੰਡ ਥਰੀਕੇ        ਮਹਿਲ ਹਸਪਤਾਲ

ਗੁਰਮੀਤ ਕੌਰ (75)        ਜਨਤਾ ਨਗਰ        ਸੀ. ਐੱਮ. ਸੀ. ਹਸਪਤਾਲ

ਫਿਰੋਜ਼ ਰਾਣੀ        ਨਿਵਾਸੀ ਕਾਂਗੜਾ ਹਿਮਾਚਲ ਪ੍ਰਦੇਸ਼        ਡੀ. ਐੱਮ. ਸੀ. ਹਸਪਤਾਲ


author

Deepak Kumar

Content Editor

Related News