ਲੁਧਿਆਣਾ ਗੈਂਗਰੇਪ : ਦਰਿੰਦਿਆਂ ਨੂੰ ਫੜਨ ਲਈ ਪੁਲਸ ਨੇ ਵਿਛਾਇਆ ਜਾਲ

02/12/2019 6:51:49 PM

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਸ਼ਨੀਵਾਰ ਦੇਰ ਰਾਤ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਦਾ ਕੁਝ ਦਰਿੰਦਿਆਂ ਵਲੋਂ ਸੁਨਸਾਨ ਜਗ੍ਹਾ 'ਤੇ ਪ੍ਰੇਮੀ ਜੋੜੇ ਨੂੰ ਬੰਧਕ ਬਣਾ ਕੇ ਅੰਜਾਮ ਦਿੱਤਾ ਗਿਆ ਸੀ, ਜਿਸ ਕਾਰਨ ਪੂਰੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਹੈ। ਉਥੇ ਲੋਕਾਂ ਦੀਆਂ ਨਜ਼ਰਾਂ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਟਿਕੀਆਂ ਹੋਈਆਂ ਹਨ ਕਿ ਕਦੋਂ ਉਹ ਹਵਸ ਦੇ ਭੇੜੀਆਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਦੀ ਹੈ ਕਿਉਂਕਿ 72 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਥਾਣਾ ਦਾਖਾ ਅੱਗੇ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ ਅਤੇ ਆਮ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਈਸੇਵਾਲ ਸਮੂਹਿਕ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਨੇ 16 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚ 8 ਵਿਅਕਤੀ ਸ਼ੱਕੀ ਜਾਪ ਰਹੇ ਹਨ ਜਿਨ੍ਹਾਂ ਦੀ ਤਫਤੀਸ਼ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਨਿਗਰਾਨੀ ਹੇਠ ਐੱਸ. ਐੱਸ. ਪੀ. ਵਰਿੰਦਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਐੱਸ.ਪੀ. (ਡੀ) ਤਰੁਨ ਰਤਨ ਕਰ ਰਹੇ ਹਨ। ਡੀ.ਆਈ.ਜੀ ਖੱਟੜਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਰ ਦਬੋਚਣ ਲਈ ਪੁਲਸ ਦੀਆਂ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਜਗਰਾਉਂ, ਖੰਨਾ, ਨਵਾਂ ਸ਼ਹਿਰ, ਲੁਧਿਆਣਾ, ਸਪੈਸ਼ਲ ਟੀਮਾਂ ਸ਼ਾਮਿਲ ਹਨ। ਪੁਲਸ ਵੱਲੋਂ 6 ਵਿਅਕਤੀਆਂ ਦੇ ਸਕੈਚ ਵੀ ਬਣਾਏ ਗਏ ਹਨ ਜਿਨ੍ਹਾਂ ਦੇ ਅਧਾਰ 'ਤੇ ਦੋਸ਼ੀਆਂ ਦੀ ਪਕੜ ਹੋਰ ਸੌਖਾਲੀ ਹੋ ਜਾਵੇਗੀ ਅਤੇ ਇਹ ਸਕੈੱਚ ਜਨਤਕ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਨਾਲ ਮੇਲ ਖਾਂਦੇ ਵਿਅਕਤੀਆਂ ਬਾਰੇ ਆਮ ਲੋਕ ਵੀ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਸਕਣ। 
ਉਨ੍ਹਾਂ ਦੱਸਿਆ ਕਿ ਜਨਪਥ ਕਲੋਨੀ ਦੇ ਕੈਮਰਿਆਂ ਤੋਂ ਲੜਕੇ ਲੜਕੀ ਦੀ ਕਾਰ 9 ਫਰਵਰੀ ਨੂੰ ਰਾਤੀ 8:26 'ਤੇ ਲੰਘੀ ਸੀ ਅਤੇ ਉਸ ਪਿੱਛੇ ਜੋ ਮੋਟਰਸਾਈਕਲ ਸਵਾਰ ਜਾਂ ਹੋਰ ਰਾਹਗੀਰ ਨਿਕਲੇ ਹਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਤੀ 8:40 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਕਤ ਪ੍ਰੇਮੀ ਜੋੜੇ 'ਤੇ ਆਪਣਾ ਤਸ਼ੱਦਦ ਆਰੰਭ ਕਰ ਦਿੱਤਾ ਸੀ ਜੋ ਕਿ ਰਾਤ 11:30 ਵਜੇ ਤੱਕ ਚੱਲਦਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰੇਮੀ ਜੋੜੇ ਕੋਲੋਂ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਪਹਿਚਾਣ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕੈਮਰਿਆਂ ਦੀ ਫੁਟੇਜ ਲਈ ਜਾ ਰਹੀ ਹੈ ਜੋ ਨਹਿਰ ਤੋਂ ਲੈ ਕੇ ਲੁਧਿਆਣਾ ਸ਼ਹਿਰ ਤੱਕ ਲੱਗੇ ਹੋਏ ਹਨ। ਖੱਟੜਾ ਨੇ ਦੱਸਿਆ ਕਿ ਦੋਸ਼ੀਆਂ ਦੀ ਧੌਣ ਨੂੰ ਹੱਥ ਪਾਉਣ ਲਈ ਫਿੰਗਰ ਪ੍ਰਿੰਟ, ਫੁੱਟ ਪ੍ਰਿੰਟ, ਮੋਬਾਇਲ ਲੋਕੇਸ਼ਨ ਆਦਿ ਟੈਕਨੀਕਲ ਪੁਆਇੰਟਾਂ ਨੂੰ ਲੈ ਕੇ ਪੁਲਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ।


Gurminder Singh

Content Editor

Related News